Thursday, October 18, 2012

ਗ਼ਜ਼ਲ

ਗੁੱਡੀਆਂ ਹੀ ਨਾ ਪਾਵਣ ਲੁੱਡੀਆਂ, ਇੱਕ ਇਸ਼ਾਰੇ 'ਤੇ |
ਸਾਰਾ ਮੁਲਖ ਹੀ ਨਚਦਾ ਜਾਪੇ, ਕਿਸੇ ਦੋ-ਤਾਰੇ 'ਤੇ |

ਕਵਿਤਾ ਵਿਚੋਂ ਅੱਗ ਮਰੀ, ਗੀਤਾਂ ਚੋਂ ਗੂੰਜ ਗਈ,
ਜੀਕਣ ਦੁਧ ਨਿਢਾਲ ਹੋ ਜਾਏ ਬੁਝੇ ਹੋਏ ਹਾਰੇ 'ਤੇ |

ਐਨਾ ਵੀ ਕੀ ਆਖ ਸਬਰ ਕਿ ਮੁੱਦਤ ਬੀਤ ਗਈ,
ਕਾਗਜ਼ ਦੀ ਇੱਕ ਪਰਚੀ, ਵਰਚੀ ਜਨਤਾ ਲਾਰੇ 'ਤੇ |

ਢਿੱਡਾਂ ਵਿੱਚ ਕੜੱਲ੍ਹ ਨੇ ਐਪਰ ਹੱਥੀਂ ਹਰਕਤ ਨਾ,
ਸੂਰਜ ਵੀ ਹੈ ਬੁਝਿਆ ਬੁਝਿਆ ਹਰ ਇੱਕ ਢਾਰੇ 'ਤੇ |

ਤੀਖਣ ਜਿਹੀ ਕਿਸ ਗੰਧ ਨਾ' ਇਹ ਦੀ ਦੰਦਲ ਖੁਲ੍ਹੇਗੀ ?
ਖਾਮੋਸ਼ੀ ਨੇ ਜਿੰਦਰੀ ਮਾਰੀ ਸੁੱਚੇ ਨਾਹਰੇ 'ਤੇ |

ਗੋਂਦਾਂ ਚਾਹੇ ਕਿੰਨੀਆਂ ਗੁੰਦੀਆਂ ਬਚ ਨਹੀਂ ਸਕਦੀ,
ਹੋ ਜਾਣੀ ਏਂ ਖਲਕਤ 'ਕੱਠੀ ਚਾਅ ਕੁਆਰੇ 'ਤੇ |

ਇਕਬਾਲ

Saturday, February 11, 2012

ਪਿੰਡਾਂ 'ਚ ਸਵਰਗ ਦਾ ਗੁਣਗਾਨ ਅਤੇ ਪਰਦੇ ਪਿਛਲੀਆਂ ਸਚਾਈਆਂ

ਸਾਡੇ ਆਲੇ਼-ਦੁਆਲੇ਼ ਵਿੱਚ ਆਮ ਹੀ ਕੁਝ ਦਿਲਕਸ਼, ਕਾਵਿਕ ਅਤੇ ਭਾਵੁਕ ਜਿਹੀਆਂ ਪੰਕਤੀਆਂ ਹਵਾ ਵਿੱਚ ਤਰਦੀਆਂ ਤਰਦੀਆਂ ਸਾਡੇ ਕੰਨਾਂ 'ਤੇ ਆਹਟ ਦਿੰਦੀਆਂ ਹਨ ਜਿਵੇਂ ਕਿ :- ਸਾਡੇ ਪਿੰਡਾਂ ਵਿੱਚ ਵਸਦਾ ਰੱਬਜਾਂ ਤੈਨੂੰ ਪਿੰਡ ਦਾ ਸਵਰਗ ਦਿਖਾਵਾਂ..... ਜਾਂ ਪਿੰਡਾਂ ਦਾ ਗੁਣਗਾਨ ਕਰਦੀਆਂ ਹੋਰ ਕਵਿਤਾ, ਕਹਾਣੀਆਂ | ਜਿੰਨਾਂ ਨੂੰ ਸੁਣ, ਪੜ੍ਹ ਪਿੰਡਾਂ ਵਿੱਚ ਰਹਿਣ ਵਾਲਿਆਂ ਦਾ ਸੀਨਾ ਪਾਟਣ 'ਤੇ ਆ ਜਾਂਦਾ ਹੈ ਤੇ ਚਿਰਾਂ ਪਹਿਲਾਂ ਸ਼ਹਿਰ ਜਾਂ ਮੁਲਕੋਂ ਪਾਰ ਵਸੇਂਦੇ ਸੱਜਣਾਂ ਦਾ ਪਿੰਡਾਂ ਪ੍ਰਤੀ ਹੇਰਵਾ ਆਪਣੇ ਭਰ ਜੋਬਨ ਦੀਆਂ ਅੰਗੜਾਈਆਂ ਲੈਣ ਲੱਗ ਪੈਂਦਾ ਹੈ | ਜਦ ਕੋਈ ਪਿੰਡਾਂ ਦੀਆਂ ਗਲੀਆਂ ਵਿੱਚ ਉਡਦੀ ਧੂੜ ਨੂੰ ਆਪਣੇ ਵਿਕਾਊ ਲਫਜ਼ੀ ਤਾਣੇ-ਪੇਟੇ ‘ਚ ਦਰੀ 'ਚ ਪਾਏ ਸੋਹਣੇ ਵੇਲ-ਬੂਟਿਆਂ ਵਾਂਗ ਪਰੋਸਦਾ ਹੈ ਤਾਂ ਸਾਰਿਆਂ ਦਾ ਮਨ ਹੀ ਗਦ-ਗਦ ਹੋ ਉਠਦਾ ਹੈ, ਬਿਨਾਂ ਇਹ ਸੋਚੇ ਕਿ ਇਹ ਗਰਦਾ-ਗਵਾਰ ਕਿੰਨੀਆਂ ਜਿੰਦਗੀਆਂ ਲਈ ਆਫ਼ਤ ਲਿਆਉਣ ਵਾਲੇ਼ ਬਠਿੰਡੇ ਵਾਲੇ਼ ਜਿੰਨ ਤੋਂ ਵੀ ਭੈੜਾ ਹੈ | ਪਰ ‘ਦੂਰ ਦੇ ਢੋਲ ਸੁਹਾਵਣੇ’ ਵਾਂਗ ਸ਼ਹਿਰੀ ਪਿੰਡਾਂ ਦੀ ਉਸ ਧੂੜ ਨੂੰ ਇਤਰ ਫੁਲੇਲ ਜਾਣ ਅੱਖਾਂ ਬੰਦ ਕਰ ਗੀਤ ਵਾਲ਼ੀ ਬੀਨ 'ਤੇ ਕਾਲੇ਼ ਫਨੀਅਰ ਨਾਗ ਵਾਂਗ ਮਸਤ ਹੋ ਕੇ ਮੇਲ੍ਹਦੇ ਹਨ, ਇਹ ਪਤਾ ਹੁੰਦੇ ਹੋਏ ਵੀ ਕਿ ਇਹਨਾਂ ਲਾਈਨਾਂ ਦਾ ਰਚੇਤਾ ਬਿਨਾਂ ਕੋਈ ਐਨਕ ਲਾ ਇਸ ਧੂੜ ਵਿਚੋਂ ਕਦੇ ਵੀ ਨਹੀਂ ਗੁਜ਼ਰੇਗਾ, ਇਸ ਵਿੱਚ ਸਦੀਵੀ ਰਹਿਣਾ ਤਾਂ ਦੂਰ ਦੀ ਗੱਲ |

ਪਿੰਡਾਂ ਦੀ ਸਥਿਤੀ ਕੀ ਹੈ (?) ਤੇ ਇਸਨੂੰ ਨੂੰ ਸਵਰਗ ਵਰਗੀ ਪੇਸ਼ ਕਰਨ ਪਿੱਛੇ ਆਖਿਰ ਕੀ ਹੈ ਆਓ ਜ਼ਰਾ ਕੁ ਅੱਖਾਂ ਤੋਂ ਭਾਵੁਕਤਾ ਦੇ ਖੋਪੇ ਉਤਾਰਕੇ ਦੇਖਣ ਦਾ ਜਿਗਰਾ ਕਰੀਏ ....

ਪਿੰਡਾਂ ਦੀ ਜਿੰਦਗੀ ਦਾ ਅੰਦਰਲਾ ਧੁਰਾ ਖੇਤੀ ਜਾਂ ਪਸ਼ੂ ਪਾਲਣ ਤੱਕ ਸਿਮਟਿਆ ਹੋਇਆ ਹੈ ਕਿਉਂਕਿ ਇਹਨਾਂ ਵਿੱਚ ਹੋਰ ਘਰੇਲੂ ਉਦਯੋਗ ਟਿਕਣ ਯੋਗ ਜਗਾਹ ਵੱਡੀਆਂ ਸ਼ਹਿਰੀ ਸਨਅਤਾਂ ਨੇ ਨਹੀਂ ਛੱਡੀ | ਉਹ ਵੇਲੇ ਬੀਤੇ ਦੀ ਗੱਲ ਹੋ ਗਏ ਕਿ ਪਿੰਡ ਦੇ ਹਰ ਕਰਿੰਦੇ ਦਾ ਆਪਣਾ (ਕੰਮ ਵਜੋਂ ਛੋਟਾ ਜਾਂ ਵੱਡਾ) ਇੱਕ ਰੁਤਬਾ ਹੁੰਦਾ ਸੀ | ਅੱਜ ਇਹੀ ਕਰਿੰਦੇ ਜਾਂ ਤਾਂ ਕਿਸੇ ਸ਼ਹਿਰੀ ਸਨਅਤ ਦੇ ਪੱਕੇ ਕਰਿੰਦੇ ਹਨ ਜਾਂ ਸ਼ਹਿਰ ਦੇ ਕਿਸੇ ਲੇਬਰ ਚੌਕ ਵਿੱਚ ਦਿਹਾੜੀ ਮਿਲਣ ਦੀ ਆਸ ਵਿੱਚ ਪੱਬਾਂ ਭਾਰ ਖੜੇ ਦਿਖਦੇ ਹਨ | ਛੋਟੇ ਕਿਸਾਨ ਦਾ ਹਾਲ (ਆਪਣੀ ਨਿੱਜੀ ਜਿੰਦਗੀ ਵਿੱਚ) ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਾਲ਼ਾ ਹੈ ਇੱਕ ਦੋ ਏਕੜ ਨੇ ਇਸਨੂੰ ਕਿੱਲੇ ਨਾਲ ਬੱਝੇ ਭੁਖੇ ਨਾਕਾਰਾ ਧੌਲ ਦੀ ਤਰਾਂ ਕਰ ਛੱਡਿਆ ਹੈ | ਬਲ਼ਦਾਂ ਦੇ ਜਮਾਨੇ ਗਏ ਤੇ ਨਵੀਂ ਤਕਨੀਕ ਦੇ ਸੰਦਾਂ ਤੱਕ ਇਸ ਦੀ ਪਹੁੰਚ ਨਾ ਮੁਮਕਿਨ ਹੈ, ਜੇ ਕੋਈ ਪਿਛਲੱਗ ਇਸ ਮਿਰਗ-ਤ੍ਰਿਸ਼ਨਾ ਦਾ ਪਿੱਛਾ ਕਰਦਾ ਕਿਸੇ ਝਾਂਸੇ ਅਧੀਨ ਟਰੈਕਟਰ ਆਦਿ ਦਾ ਪੰਗਾ ਲੈ ਬੈਠਦਾ ਹੈ ਤਾਂ ਸਵੇਰੇ ਸਾਰ ਚੁੱਕੀ ਚਾਹ ਦੀ ਵਾਟੀ ਵਿਚੋਂ ਬੈਂਕ ਮੈਨੇਜਰ ਜਾਂ ਆੜਤੀਆ ਹਾਕਾਂ ਮਾਰਦਾ ਦਿਖਾਈ ਦਿੰਦਾ ਹੈ, ਜੋ ਅੰਤ ਨੂੰ ਇਸਦੇ ਗਲ਼ ਦੇ ਫਾਹੇ ਤੱਕ ਸਾਥ ਨਿਭਾਉਂਦਾ ਹੈ, ਕਿਉਂਕਿ ਪਿੰਡਾਂ ਦੀ ਭਾਈਚਾਰਕ ਸਾਂਝ ਦੇ ਕਿੱਸੇ ਦੂਰ ਦੂਰ ਤੱਕ ਮਸ਼ਹੂਰ ਹਨ | ਬੰਧੂਆ-ਮਜਦੂਰੀ (ਸੀਰ) ਵੀ ਬੀਤੇ ਦੀ ਗੱਲ ਹੋ ਗਈ ਹੈ | ਜਿਥੇ ਕਿਤੇ ਥੋੜੀ ਜਿੰਨੀ ਵੀ ਬਚਦੀ ਹੈ ਉਥੇ ਵੀ ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ ਵਾਲੀ ਕੋਈ ਕਾਵਿਕ ਜਿਹੀ ਭਾਈਚਾਰਕ ਸਾਂਝ ਨਹੀਂ ਸਗੋਂ ਉਸ ਕਾਮੇ ਦੇ ਸਰਦਾਰਾਂ ਦੀ ਬਹੀ 'ਤੇ ਵਧਦੇ ਅੰਗੂਠੇ ਦੇ ਨਿਸ਼ਾਨ ਹੀ ਪੁਰਾਣੀ ਸਾਂਝ ਦਾ ਮੂੰਹ-ਬੋਲਦਾ ਸਬੂਤ ਬਣਦੇ ਹਨ | ਸੁੰਗੜਦੀ ਪੈਲੀ ਨੇ ਵੱਡੇ ਲਾਣਿਆਂ ਦੇ ਚਲਨ ਨੂੰ ਖੂੰਜੇ ਲਾ ਦਿੱਤਾ ਹੈ, ਉਂਗਲਾਂ ਤੇ ਗਿਣਨ ਜੋਗੇ ਵੱਡੇ ਪਰਿਵਾਰ ਅੱਜ ਵੀ ਹਨ, ਪਰ ਉਥੇ ਜਿਥੇ ਕੋਈ ਕਾਰੋਬਾਰੀ ਸਾਂਝ ਹੈ ਜਿਸਨੂੰ ਭਾਵੁਕ ਲਫਜਾਂ ਵਿੱਚ ਵੀ ਪਿਰੋਣਾ ਹੋਵੇ ਤਾਂ ਸਿਆਣੇ ਇੰਝ ਪਿਰੋਂਦੇ ਹਨ ਚੰਗਾ ਹੈ ਭਾਈ ਸਾਂਝੇ ਪਰਿਵਾਰ ਵਰਗੀ ਰੀਸ ਨਹੀਂ, ਚੁੱਲ੍ਹੇ ਦਾ ਖਰਚਾ ਹੀ ਨਹੀਂ ਮਾਨ ਜੇ ਕੋਈ ਇਸਨੂੰ ਭਰੱਪਣ ਦੀ ਨਜ਼ਰ ਨਾਲ ਦੇਖਕੇ ਗਦ-ਗਦ ਹੁੰਦਾ ਹੈ ਤਾਂ ਉਸਨੂੰ ਆਪਣੀਆਂ ਅੱਖਾਂ ਦੀ ਜਾਂਚ ਜਰੂਰ ਕਰਵਾਉਣੀ ਲੋੜੀਂਦੀ ਹੈ |

ਅਵੱਲ ਤਾਂ ਛੋਟੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਤੋਂ ਉੱਪਰ ਦਾ ਕੋਈ ਸਰਕਾਰੀ ਸਕੂਲ ਹੁੰਦਾ ਨਹੀਂ, ਵਧ ਤੋਂ ਵਧ ਹੁੰਦਾ ਵੀ ਹੈ ਤਾਂ ਸਰਕਾਰੀ ਮਿਡਲ ਸਕੂਲ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਸ਼ਹਿਰਾਂ ਦੇ ਸਕੂਲਾਂ ਦੇ ਅਧਿਆਪਕ ਹੀ ਪੂਰੇ ਕਰਨ ਖੁਣੋ ਝੁੱਗਾ ਚੁੱਕੀ ਖੜੀਆਂ ਹਨ ਪਿੰਡਾਂ ਦੇ ਸਕੂਲਾਂ ਲਈ ਅਧਿਆਪਕ ਕਿਥੋਂ ਭਰਤੀ ਕਰਨੇ ਹਨ ? ਹਾਂ ਹੁਣ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਅੱਪ-ਗ੍ਰੇਡ ਕਰਕੇ ਮਿਡਲ ਸਕੂਲ ਕਰ ਦਿੱਤਾ ਜਾਵੇਗਾ ਕਿਉਂਕਿ ਜਦ ਕਿਸੇ ਨੂੰ ਅਠਵੀਂ ਤੱਕ ਫੇਲ੍ਹ ਹੀ ਨਹੀਂ ਕਰਨਾ ਤਾਂ ਪੜਾਉਣ ਲਈ ਅਧਿਆਪਕਾਂ ਦੀ ਲੋੜ ਹੀ ਕੀ ਹੈ ? ਸਰਕਾਰਾਂ (ਸਿਰਫ ਸਰਕਾਰ ਲਫਜ਼ ਹੀ ਕਾਫੀ ਹੈ ਕਿਉਂਕਿ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਪੰਜ ਸਾਲ ਬਾਅਦ ਬਦਲਦੀ ਕਾਰਨ ਬਹੁਬਚਨ ਵਰਤਿਆ ਹੈ) ਦੀ ਪਾਲਿਸੀ ਦੀ ਦਾਦ ਦੇਣੀ ਬਣਦੀ ਹੈ ਕਿ ਪਿੰਡਾਂ ਤੱਕ ਮਿੱਡ-ਡੇ-ਮੀਲ ਪਹੁੰਚਾਉਣ ‘ਤੇ ਖਾਸ ਧਿਆਨ ਹੈ | ਮਾਮਲਾ ਬੜਾ ਵਿਰੋਧਾਭਾਸੀ ਹੋ ਜਾਂਦਾ ਹੈ ਕਿ ਜਦ ਪਿੰਡਾਂ ਵਿੱਚ ਰੱਬ ਵਸਦਾ ਹੈ ਤਾਂ ਬੱਚਿਆਂ ਦੇ ਅੰਨ ਲਈ ਸ਼ਹਿਰਾਂ 'ਚ ਬੈਠੇ ਬੇ-ਇਮਾਨ ਹੁਕਮਰਾਨ ਕਿਉਂ ਪ੍ਰੇਸ਼ਾਨ ਹਨ ? ਸਵਰਗ ‘ਚ ਤਾਂ ਸੁਣਿਆਂ ਹੈ ਛੱਤੀ ਪ੍ਰਕਾਰ ਦੇ ਭੋਜਨ ਦਾ ਅਤੁੱਟ ਭੰਡਾਰਾ ‘ਚੱਥੇ-ਪਹਿਰ’ ਚਲਦਾ ਰਹਿੰਦਾ ਹੈ | ਹੋ ਸਕਦਾ ਹੈ ਸਵਰਗ ਦਾ ਕਾਨੂਨ ਬਦਲ ਗਿਆ ਹੋਵੇ ਸਮਾਂ ਐਨੀ ਤੇਜੀ ਨਾਲ ਬਦਲਦਾ ਹੈ ਕਿ ਪਿੰਡ ਵਿੱਚ ਬੈਠਿਆਂ ਨੂੰ ਅਸਲ (ਸੱਚੀ) ਖ਼ਬਰ ਦਾ ਪਤਾ ਹੀ ਨਹੀਂ ਚਲਦਾ | ਅੱਜ ਦੇ ਪਿੰਡਾਂ ਦਾ ਕਾਵਿ-ਮਈ ਸਵਰਗਨੁਮਾਂ ਚਿੱਤਰ ਖਿੱਚਣ ਵਾਲੇ ਕਿਸ ਕਵੀ (+ਗਾਇਕ) ਦੇ ਲਾਡਲੇ ਸਪੂਤ ਇਹਨਾਂ ਪੇਂਡੂ ਤੱਪੜ ਮਾਰਕਾ ਦਲ਼ੀਆ ਖੁਆਊ ਸਕੂਲਾਂ ਵਿਚੋਂ ਕਿਸ ਸਕੂਲ ਵਿੱਚ ਪੜ੍ਹਦੇ ਹਨ ਇਸਦੀ ਵੀ ਖ਼ਬਰ ਪਿੰਡਾਂ ਤੱਕ ਨਹੀਂ ਪਹੁੰਚੀ, ਕਿਉਂਕਿ ਪਿੰਡ ਵਿੱਚ ਬੈਠਿਆਂ ਨੂੰ ਅਸਲ (ਸੱਚੀ) ਖਬਰ ਦਾ ਪਤਾ ਹੀ ਨਹੀਂ ਚਲਦਾ |

ਪਿੰਡਾਂ ਦੇ ਲੋਕਾਂ ਦੇ ਸਰੀਰ ਰਿਸ਼ਟ ਪੁਸ਼ਟ ਹੁੰਦੇ ਹਨ ਗਭਰੂ ਬਾਂਕੇ, ਸ਼ੈਲ ਮੁਟਿਆਰਾਂ ਵਾਹ ਵਾਹ !!! ਅਜਿਹੇ ਗਭਰੂ ਮੁਟਿਆਰਾਂ ਪਿੰਡਾਂ ਵਿੱਚ ਹਨ ਕੋਈ ਸ਼ੱਕ ਨਹੀਂ ਪਰ ਇਸ ਤੋਂ ਸੋਹਣੇ ਗਭਰੂ ਤੇ ਮੁਟਿਆਰਾਂ ਸ਼ਹਿਰਾਂ ਵਿੱਚ ਵਸਦੇ ਹਨ ਕਿਉਂਕਿ ਰੂਪ ਖੁਰਾਕ, ਚੱਜ-ਆਚਾਰ ਨਾਲ਼ ਸੰਵਰਨ ਵਾਲ਼ੀ ਚੀਜ ਹੈ ਸਾਰੀਆਂ ਵਸਤਾਂ ਦੀ ਪਿੰਡਾਂ ਨਾਲੋਂ ਜਿਆਦਾ ਬਹੁਤਾਤ ਸ਼ਹਿਰਾਂ ਵਿੱਚ ਹੈ | ਗੰਨਾ ਜਾਂ ਛੱਲੀ ਸ਼ਹਿਰਾਂ ਵਿੱਚ ਵਿਕਦੇ ਹਨ ਪਿੰਡਾਂ ਵਿੱਚ ਤਾਂ ਜੇ ਕੋਈ ਕਿਸੇ ਦੇ ਖੇਤੋਂ ਤੋੜ ਲਵੇ ਗੁਨਾਹ ਸਮਝਿਆ ਜਾਂਦਾ ਹੈ ਤੇ ਸਜਾ ਦਿੱਤੀ ਜਾਂਦੀ ਹੈ | ਆਖਿਰ ਭਾਈ-ਭਰੱਪਣ ਦੇ ਵੀ ਕੁਝ ਅਸੂਲ ਹੁੰਦੇ ਹਨ | ਸਰੀਰ ਦੇ ਰਿਸ਼ਟ-ਪੁਸ਼ਟ ਰਹਿਣ ਲਈ ਲੋੜੀਂਦੀ ਖੁਰਾਕ ਦੀ ਘਾਟ ਦੀ ਬਾਤ ਪੰਜਾਬ ਦਾ ਮਾਲਵਾ ਪੇਂਡੂ ਖਿੱਤਾ ਪਾ ਸਕਦਾ ਹੈ ਜਿਥੇ ਜਵਾਨਾਂ ਦੇ ਤਾਂ ਕੀ ਅੱਧ ਤੋਂ ਵੱਧ ਬੱਚਿਆਂ ਦੇ ਸਰੀਰਾਂ ਵਿੱਚ ਖੂਨ ਦੀ ਕਮੀਂ ਪਾਈ ਜਾਂਦੀ ਹੈ | ਖੁਰਾਕ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਲਈ ਅੱਜ ਦੇ ਦੌਰ ਵਿੱਚ ਡਾਕਟਰੀ ਸਹਾਇਤਾ ਦੀ ਆਪਣੀ ਖਾਸ ਭੂਮਿਕਾ ਹੈ ਪਰ ਪਿੰਡਾਂ ਨੂੰ ਸਵਰਗ ਹੋਣ ਕਾਰਨ ਸ਼ਾਇਦ ਇਸਦੀ ਜਰੂਰਤ ਹੀ ਨਹੀਂ | ਕਿਸੇ ਮਾਂ ਦੇ ਪੇਟ ਵਿੱਚ ਬੱਚਾ ਪੁੱਠਾ ਹੋ ਜਾਵੇ (ਅਸਲ ਤਾਂ ਹੁੰਦਾ ਨਹੀਂ ਰੱਬ ਦੀ ਐਨੀ ਮੇਹਰ ਵਰਸਦੀ ਹੈ) ਤਾਂ ਅਜਿਹਾ ਬੱਚਾ ਪਿੰਡ ਨੂੰ ਕਬੂਲ ਹੀ ਨਹੀਂ ਕਿਉਂਕਿ ਜੋ ਜਨਮ ਤੋਂ ਪਹਿਲਾਂ ਹੀ ਪੁੱਠਾ ਹੈ ਉਸਨੇ ਅੱਗੇ ਵੀ ਪੁੱਠੇ ਹੀ ਕੰਮ ਕਰਨੇ ਨੇ, ਸੋ ਰੱਬ ਜੀ ਉਸ ਨੂੰ ਇਸ ਸਵਰਗ ਚੋਂ ਜਨਮ ਸਮੇਂ ਹੀ ਤਰਲੋਕਪੁਰੀ ਭੇਜ ਦਿੰਦੇ ਹਨ, ਵਾਹ ਲਗਦੀ ਨਾਲ ਹੀ ਮਾਂ ਨੂੰ ਵੀ ਕਿਉਂਕਿ ਇਹ ਉਸਦੇ ਹੀ ਕਰਮ ਦਾ ਫਲ਼ ਹੈ | ਪਿੰਡਾਂ ਦੇ ਲੋਕ ਕੁਦਰਤ ਦੇ ਭਾਣੇ ਵਿੱਚ ਜਿਉਣ ਵਾਲੇ਼ ਜੀਵ ਹੁੰਦੇ ਹਨ, ਜੇ ਸਰਕਾਰ ਪਿੰਡਾਂ ਵਿੱਚ ਹਸਪਤਾਲ ਖੋਲ੍ਹਦੀ ਹੈ ਤਾਂ ਇਸ ਭਾਣੇ ਨੂੰ ਮੰਨਣ ਵਿੱਚ ਖਲਲ ਪੈਂਦਾ ਹੈ | ਸੱਟ-ਫੇਟ ਲੱਗ ਜਾਵੇ ਤਾਂ ਉੱਪਰ ਮਿੱਟੀ ਭੁੱਕੀ ਜਾ ਸਕਦੀ ਹੈ ਜਾਂ ਉੱਤੇ ਮੂਤਿਆ ਜਾ ਸਕਦਾ ਹੈ | ਪੇਂਡੂ ਲੋਕ ਕੁਦਰਤ ਨਾਲ ਜੁੜੇ ਹੋਏ ਲੋਕ ਹਨ ਕੁਦਰਤੀ ਇਲਾਜ਼ ਵਿੱਚ ਵਿਸ਼ਵਾਸ ਰਖਦੇ ਹਨ | ਪੇਂਡੂ ਨੌਜਵਾਨ (ਜੋ ਢਿਡੋਂ ਭੁੱਖੇ ਦਿਹਾੜੀ ਜਾਂਦੇ ਨੇ) ਲੋਲ੍ਹੜ ਨਹੀਂ ਜੋ ਦਵਾਈਆਂ ਦਾ ਉਹਨਾਂ ਨੂੰ ਨਾ ਪਤਾ ਹੋਵੇ ਉਹ ਲੋਮੋਟਿਲ ਦਾ ਨਾਮ ਜਰੂਰ ਜਾਣਦੇ ਹਨ ਜੋ ਪਿੰਡਾਂ ਵਿਚੋਂ ਵੀ ਆਮ ਮਿਲ ਜਾਂਦੀ ਹੈ | ਪਿੰਡਾਂ ਨੂੰ ਸਵਰਗ ਆਖਣ ਦਾ ਇਹ ਕਾਰਨ ਵੀ ਬੜਾ ਦਮਦਾਰ ਹੈ |

ਕੁਝ ਪਿੰਡਾਂ ਤੋਂ ਦੂ.........ਰ ਵਸੇਂਦੇ ਲੋਕ ਪਿੰਡਾਂ ਦੇ ਇਸ ਸਵਰਗ ਵਿਚੋਂ ਕੁਝ ਚੀਜਾਂ ਦੇ ਪਰਲੋਕਗਮਨ ਹੋ ਜਾਣ 'ਤੇ ਡਾਹਢੇ ਦੁਖੀ ਦਿਖਾਈ ਪੈਂਦੇ ਹਨ, ਜਿਵੇਂ :- ਟਿੰਡਾਂ ਵਾਲਾ ਖੂਹ, ਤਾਸ਼ ਖੇਡਣ ਲਈ ਬਰੋਟੇ ਵਾਲੀ ਸੱਥ, ਹੱਥ ਨਾਲ ਦੁੱਧ ਰਿੜਕਣ ਵਾਲੀ ਮਧਾਣੀ, ਹੱਥੀ ਆਟਾ ਪੀਹਣ ਵਾਲੀ ਚੱਕੀ, ਲਹਿੰਗਾ, ਫੁਲਕਾਰੀ ਆਦਿ ਆਦਿ | ਪਿੰਡਾਂ ਦੇ ਸਵਰਗ ਵਿੱਚ ਸ਼ਹਿਰੀ ਨਰਕ ਦੀ ਘੁਸ-ਪੈਠ ਹੋ ਗਈ ਹੈ, ਲੋਕਾਂ ਨੇ ਦੇਖ ਲਿਆ (ਸ਼ਾਇਦ ਉਹ ਗਿਆਨ ਦਾ ਫਲ ਖਾ ਲਿਆ ਹੋਵੇ ਜੋ ਅਦਮ ਤੇ ਈਵ ਨੇ ਯੁਗਾਂ ਪਹਿਲਾਂ ਖਾਧਾ ਸੀ) ਕਿ ਬਲ਼ਦ ਦੇ ਚਾਰੇ ਨਾਲੋਂ ਬਿਜਲੀ ਦੀ ਮੋਟਰ ਸਸਤੀ ਪੈਂਦੀ ਹੈ, ਸ਼ਹਿਰ ਪਿੰਡਾਂ ਤੇ ਚੜ੍ਹੇ ਆਉਂਦੇ ਹਨ ਸੋ ਬਰੋਟਿਆਂ ਨੂੰ ਨਾ ਥਾਂ ਬਚੀ ਹੈ ਨਾ ਤਾਸ਼ ਨੂੰ ਫੁਰਸਤ, ਪੇਂਡੂ ਜਨਾਨੀਆਂ ਨੇ ਜਾਣ ਲਿਆ ਕਿ ਐਵੇਂ ਮਧਾਣੀ ਨੇਤ੍ਰੇ, ਹੱਥ ਚੱਕੀ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਇਹ ਕੰਮ ਇੱਕ ਬਿਜਲੀ ਦੀ ਮੋਟਰ ਮਿੰਟਾਂ ‘ਚ ਕਰ ਮਾਰਦੀ ਹੈ (ਤਾਹੀਂ ਜਨਾਨੀਆਂ ਦੇ ਡੌਲਿਆਂ ਵਿੱਚ ਜਾਨ ਨਹੀਂ ਰਹੀ), ਪੇਂਡੂ ਲੜਕੀਆਂ ਨੂੰ ਪ੍ਰਾਇਮਰੀ ਦੀ ਸਿਖਿਆ ਤੋਂ ਬਾਅਦ ਬਾਹਰ ਸ਼ਹਿਰ ਜਾਣਾ ਪੈਂਦਾ ਸੀ/ਹੈ ਸੋ ਉਹਨਾਂ ਨੂੰ ਜੀਨ ਤੇ ਟੀ-ਸ਼ਰਟਾਂ ਪਾਉਣ ਦੀ ਅਕਲ ਆ ਗਈ, ਪੜੀਆਂ ਲਿਖੀਆਂ ਪੇਂਡੂ ਵਿਆਹੁਤਾ ਔਰਤਾਂ ਨੂੰ ਵੀ ਕੰਮ ਕਾਜ ਲਈ ਸ਼ਹਿਰ ਜਾਣਾ ਪੈਂਦਾ ਵਿਚਾਰੀਆਂ ਸੱਤ ਗਜ ਦਾ ਲਹਿੰਗਾ ਕਿਥੋਂ ਘਸੀਟੀ ਫਿਰਨ ? ਕਦੇ ਪਿੰਡਾਂ ਵਿਚਲੇ ਸਵਰਗ ਦੀ ਔਰਤ "ਮਿਠਾਈ" ਵਾਂਗ ਲੁਕਾਕੇ ਰੱਖਣ ਵਾਲ਼ੀ ""ਚੀਜ਼"" ਸੀ, ਸਭ ਸ਼ਹਿਰੀ ਨਰਕ ਦਾ ਪ੍ਰਭਾਵ ਕਿ ਇਸਨੇ ਮਰਦ ਦੀ ਮਿਠਾਈ ਬਣਨ ਦੀ ਆਦਤ ਨੂੰ ਓਲਾ ਦੇ ਦਿੱਤਾ ਹੈ | ਵਿਚਾਰਾ ਮਰਦ ਅੱਜ ਵੀ ਪਿੰਡਾਂ ਦੇ ਉਸ ਸਵਰਗ ਦੀ ਰਾਹ ਤੱਕ ਰਿਹਾ ਹੈ .................|

ਇਕਬਾਲ

98152-09617

Wednesday, July 13, 2011

ਕੀ ਧੀ-ਪੁੱਤ ਮਹਿਜ਼ ਮਾਪਿਆਂ ਦੀ ਇੱਜਤ ਜਮ੍ਹਾਂ ਰੱਖਣ ਵਾਲੇ ਬੱਚਤ ਖਾਤੇ ਹਨ ???

ਪਰਿਵਾਰ ਦਾ ਸਰੂਪ ਕੋਈ ਬੱਝਿਆ ਹੋਇਆ ਸਰੂਪ ਹੈ ਅਜਿਹਾ ਨਹੀਂ, ਇਹ ਬਹੁਤ ਹਾਲਤਾਂ ਵਿੱਚੋਂ ਗੁਜ਼ਰ ਕੇ ਇੱਥੇ ਤੱਕ ਆਇਆ ਹੈ ਕਦੇ ਅਸੀਂ ਕਬੀਲਾ ਪਰਿਵਾਰ ਦੇ ਵਸਨੀਕ ਸਾਂ ਅਤੇ ਰਿਸ਼ਤੇ ਟੋਲੀ ਵਿਆਹਾਂ ਦੀ ਪ੍ਰੰਪਰਾ ਵਿੱਚੋਂ ਗੁਜ਼ਰੇ, ਬਹੁ-ਕੰਤੀ, ਬਹੁ-ਪਤਨੀ ਵਿਆਹ ਵੀ ਰਹੇ, ਕੁਲ ਦੇ ਸਾਰੇ ਹੱਕ ਮਾਤਰੀ ਵੀ ਰਹੇ, ਮਤਲਬ ਹਰ ਸਮੇਂ ਦਾ ਪਰਿਵਾਰ ਆਪਣੀ ਇੱਕ ਖਾਸ ਬਣਤਰ ਰੱਖਦਾ ਰਿਹਾ ਹੈ ਪਰਿਵਾਰ ਦਾ ਸਰੂਪ ਅੱਜ ਵੀ ਵਿਕਾਸ ਵਿੱਚ ਹੀ ਹੈ, ਮਤਲਬ ਇਹ ਕੋਈ ਮਰੀ ਹੋਈ ਜੜ੍ਹ ਚੀਜ਼ ਨਹੀਂ ਇੱਕ ਪ੍ਰਵਾਹ ਹੈ ਜਿਸ ਵਿੱਚ ਰਿਸ਼ਤੇ ਆਪਣਾ ਅਧਿਕਾਰ ਖੇਤਰ ਬਦਲਦੇ ਰਹੇ ਹਨ ਬਹੁਤਾ ਪਿੱਛੇ ਜਾਣਾ ਇਸ ਥਾਂ ਵਾਜਿਬ ਨਹੀਂ, ਆਖਣ ਦਾ ਅਰਥ ਸਿਰਫ ਐਨਾ ਹੈ ਕਿ ਬੱਚਿਆਂ ਨਾਲ ਅਣਖ, ਇੱਜ਼ਤ ਦਾ ਜੁੜ ਜਾਣਾ ਅਤੀਤ ਦੇ ਪਰਿਵਾਰ ਦੇ ਸਰੂਪਾਂ ਵਿਚਲਾ ਹੀ ਇੱਕ ਪ੍ਰਭਾਵ ਹੈ
ਅੱਜ ਅਸੀਂ ਇੱਕੀਵੀਂ ਸਦੀ ਵਿੱਚ ਜਿਉਂ ਰਹੇ ਹਾਂ ਜਦ ਚਾਰੇ ਪਾਸੇ ਪੂੰਜੀ ਦੀ ਚੌਧਰ ਹੈ, ਪਰਿਵਾਰਾਂ ਵਿਚਲੇ ਉੱਪਭਾਵੁਕ ਤੁਅੱਸਬ ਤਿੱਤਰ-ਬਿੱਤਰ ਹੋ ਰਹੇ ਹਨ ਤੇ ਇਸ ਯੁੱਗ ਨੇ ਸੰਬੰਧਾਂ ਵਿਚਲੀ ਗਰਜ਼ (ਮਤਲਬਪ੍ਰਸਤੀ) ਨੂੰ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਹੈ ਰਿਸ਼ਤਿਆਂ ਨੂੰ ਸਮਝਣ ਲਈ ਪੁਰਾਣੀ ਦ੍ਰਿਸ਼ਟੀ ਕਿਵੇਂ ਵੀ ਜਾਇਜ਼ ਨਹੀਂ ਪਰ ਅੱਜ ਵੀ ਕਈ ਲੇਖਕਾਂ ਚਿੰਤਕਾਂ ਵੱਲੋਂ 'ਖਾਪ-ਪੰਚਾਇਤਾਂ' ਦੇ ਫੈਸਲਿਆਂ ਵਰਗੀਆਂ ਲਿਖਤਾਂ ਅਕਸਰ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਲੇਖਕਾਂ ਵੱਲੋਂ ਅਕਸਰ ਹੀ ਲਿਖਿਆ ਜਾਂਦਾ ਹੈ ਕਿ ਧੀ-ਪੁੱਤ ਮਾਂ ਬਾਪ ਦੀ ਇੱਜ਼ਤ ਨਾਲ ਖੇਡ ਰਹੇ ਹਨ
ਅਸਲ ਗੱਲ ਇਹ ਨਹੀਂ ਕਿ ਕੋਈ ਵੀ ਧੀ-ਪੁੱਤ ਆਪਣੇ ਬਾਪ ਦੀ ਇੱਜਤ (ਪੱਗ) ਨਾਲ ਖੇਡਣ ਦਾ ''ਸ਼ੌਕ'' ਪਾਲੀ ਬੈਠਾ ਹੋਵੇ, ਜਿਸ ਵਾਪਰਦੇ ਦੁਖਾਂਤਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਹਨ :- ਖੂਨ ਦੇ ਸੰਬੰਧਾਂ ਵਿੱਚ ਨਜ਼ਾਇਜ਼ ਤਾਲੁਅਕ, ਧੀ-ਪੁੱਤ ਦਾ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਨਣਾ ਅਤੇ ਧੀ ਦਾ ਮਾਂ-ਬਾਪ ਦੀ ਰਜ਼ਾਮੰਦੀ ਬਿਨ੍ਹਾਂ ਉੱਧਲ ਜਾਣਾ ਇਹ ਵੀ ਗੌਰ ਕਰਨ ਯੋਗ ਗੱਲ ਹੈ ਉੱਧਲ ਜਾਣ ਦਾ ਸੰਕਲਪ ਸਿਰਫ ਧੀ ਨਾਲ ਹੀ ਕਿਉਂ ਜੋੜਿਆ ਹੋਇਆ ਹੈ ? ਇਹ ਸਭ ਕਿਉਂ ਵਾਪਰ ਰਿਹਾ ਹੈ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ, ਇਸ ਮਸਲੇ ਦਾ ਅੰਤਿਮ ਹੱਲ 'ਤਾਲਿਬਾਨੀ ਹੁਕਮ' ਚਾੜ੍ਹਨ ਨਾਲ ਨਹੀਂ ਹੋਣ ਵਾਲਾ
ਕੁੱਝ ਲੋਕ ਇਨ੍ਹਾਂ ਵਰਤਾਰਿਆਂ ਨੂੰ ਵੱਡਿਆਂ ਦੀ ਅੱਖ ਦੀ ਸ਼ਰਮ ਦੇ ਘੱਟ ਜਾਣ ਨਾਲ ਜੋੜਕੇ ਦੇਖਦੇ ਹਨ ਇੱਥੇ ਵੀ ਮਸਲਾ ਉਹੀ ਹੈ ਕਿ ਅਸੀਂ ਅਜੋਕੇ ਸਮੇਂ ਵਿੱਚ ਰਹਿਣ ਨੂੰ, ਇਸ ਵਿੱਚ ਰਹਿੰਦੇ ਹੋਏ ਵੀ ਕਬੂਲ ਨਹੀਂ ਕਰ ਰਹੇ ਜਿੱਥੇ ਸੰਬੰਧ ਪੂੰਜੀ ਨਿਰਧਾਰਿਤ ਕਰ ਰਹੀ ਹੈ ਜਿਵੇਂ ਕਦੇ ਜਾਗੀਰ ਕਰਦੀ ਸੀ ਤਦ ਔਰਤ ਨੂੰ ਜ਼ਾਗੀਰ ਮੰਨਣ ਦਾ ਸੰਕਲਪ ਵਜ਼ੂਦ ਵਿੱਚ ਸੀ ਤੇ ਅਣਖ ਦਾ ਸਵਾਲ ਸੀ ਕਿ ਕੋਈ ਤੁਹਾਡੀ ਜਾਗੀਰ ਖੋਹ ਲਵੇ
ਨੇੜਲੇ ਅਤੀਤ ਵਿੱਚ ਸਾਂਝੇ ਪਰਿਵਾਰ ਚਲਣ ਵਿੱਚ ਸਨ, ਜਿਵੇਂ ਦੂਰ ਅਤੀਤ ਵਿੱਚ ਕਬੀਲਾ ਪਰਿਵਾਰ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਆਰਥਿਕਤਾ ਵਿੱਚ ਤਬਦੀਲੀ ਹੀ ਹੈ, ਜਿਸਨੂੰ ਛੋਹੇ ਬਿਨਾਂ ਤਹਿ ਤੱਕ ਨਹੀਂ ਜਾਇਆ ਜਾ ਸਕਦਾ, ਨਿੱਜੀ ਜਾਇਦਾਦ ਦੇ ਸੰਕਲਪ ਦੇ ਵਧਦੇ ਪ੍ਰਭਾਵ ਨੇ ਸਾਂਝੇ ਪਰਿਵਾਰ ਖੇਰੂ-ਖੇਰੂ ਕੀਤੇ ਹਨ ਇਸ ਨਾਲ ਸਨਮਾਨ ਦੇ ਮਾਪ ਦੰਡ ਵੀ ਪੁਰਾਣੇ ਨਹੀਂ ਰਹੇ, ਅਧਿਆਪਕ ਜੋ ਕਦੇ ਗੁਰੂ ਸਨ ਅੱਜ ਨੌਕਰ ਹੋ ਗਏ, ਕਿਉਂਕਿ ਉਹ ਜਨਤਾ (ਸਾਡੇ) ਤੋਂ ਉਗਰਾਹੇ ਟੈਕਸਾਂ ਵਿੱਚੋਂ ਮੋਟੀਆਂ ਤਨਖਾਹਾਂ ਲੈ ਰਹੇ ਹਨ, ਇਹ ਸਭ ਵਿਦਿਆਰਥੀ ਜਾਣਦੇ ਹਨ, ਪਰਦਾਦਾਰੀ ਨਹੀਂ ਰਹੀ, ਸੋ ਸਨਮਾਨ ਦੀ ਜਗਾਹ ਹੱਕ ਆ ਗਿਆ, ਵਿਦਿਆਰਥੀ ਨੂੰ ਅਧਿਆਪਕ ਨੂੰ ਇਹ ਗੱਲ ਆਖ ਦੇਣ ਦਾ ਹੱਕ ਹੈ ਕਿ ਸਨਮਾਨ ਕਿਸ ਗੱਲ ਦਾ ? ਸੋ ਵੱਡਿਆਂ ਦੀ ਅੱਖ ਦੀ ਸ਼ਰਮ ਜੇ ਜਾਂਦੀ ਰਹੀ ਤਾਂ ਇਹ ਕੋਈ ਬੇ-ਨਿਯਮੀਂ ਜਾਂ ਵਿਕਲੋਤਰੀ ਘਟਨਾ ਨਹੀਂ ਹੈ, ਇਸਨੂੰ ਸਮੇਂ ਦੇ ਪ੍ਰਸੰਗ ਵਿੱਚ ਸਮਝਣਾ ਪਵੇਗਾ ਸਾਂਝੇ ਪਰਿਵਾਰਾਂ ਦੇ ਆਪਣੇ ਸੁੱਖ ਵੀ ਸਨ ਤੇ ਆਪਣੇ ਦੁੱਖ ਵੀ ਉਸ ਸਮੇਂ ਦੇ ਹਿਸਾਬ ਨਾਲ ਸਾਂਝੇ ਪਰਿਵਾਰਾਂ ਵਿੱਚ ਇੱਕ ਮਰਦ ਨੂੰ ਵਿਆਹੁਣਾ ਤੇ ਬਾਕੀ ਛੜੇ ਰੱਖਣੇ (ਜਾਗੀਰ ਦੇ ਲੋਭ ਵਿੱਚ) ਦੀ ਸ਼ਰਮਨਾਕ ਪ੍ਰੰਪਰਾ ਵੀ ਰਹੀ ਹੈਖੈਰ ਇਹ ਗੱਲ ਵਿਸ਼ੇ ਤੋਂ ਦੂਰ ਚਲੀ ਜਾਵੇਗੀ ਵਿਸ਼ੇ ਵੱਲ ਹੀ ਪਰਤਦੇ ਹਾਂ :
ਕਈ ਮੂੜ੍ਹ ਲੋਕਾਂ ਦਾ ਮੱਤ ਰਿਹਾ ਹੈ ਕਿ ਲੜਕੀ ਨੂੰ ਘਰੋਂ ਬਾਹਰ ਨਾ ਜਾਣ ਦਿੱਤਾ ਜਾਵੇ ਕਿਉਂਕਿ ਲੜਕੀ ਨੇ ਬੇਗਾਨੇ ਘਰ ਜਾਣਾ ਹੈ ਸੋ ਪੜ੍ਹਾ ਲਿਖਾਕੇ ਕੀ ਲੈਣਾ ਹੈ ਇਸ ਤਰਾਂ ਉਹ ਬਾਹਰ ਫਿਰਦੇ ਮੁਸ਼ਟੰਡੇ ਮੁੰਡਿਆਂ ਤੋਂ ਬਚ ਸਕੇਗੀ ਮਜ਼ੇ ਦੀ ਗੱਲ ਇਹ ਕਿ ਉਸਦਾ ਭਵਿੱਖ ਵਿੱਚ ਹੋਣ ਵਾਲਾ ਪਤੀ ਵੀ ਹਾਲੇ ਮੁਸ਼ਟੰਡਿਆਂ ਵਿੱਚ ਸ਼ਾਮਿਲ ਹੀ ਹੁੰਦਾ ਹੈ, ਜੋ ਬਾਪ ਦੀ ਚੋਣ ਤੋਂ ਬਾਅਦ ਇੱਕਦਮ ਸਾਊ ਖਾਨਦਾਨੀ ਮੁੰਡੇ ਵਿੱਚ ਪਰਿਵਰਤਿਤ ਹੋ ਜਾਂਦਾ ਹੈ
ਕੁੱਝ ਅਜਿਹੇ ਵੀ ਹਨ ਜੋ ਇਹ ਰਾਇ ਵੀ ਦਿੰਦੇ ਹਨ ਕਿ ਘਰ ਆਇਆਂ 'ਤੇ ਵੀ ਪੂਰੀ ਨਜ਼ਰ ਰੱਖੀ ਜਾਵੇ, ਚਾਹੇ ਉਹ ਕੋਈ ਖੂਨ ਦੇ ਸੰਬੰਧ ਵਾਲਾ ਹੀ ਕਿਉਂ ਨਾ ਹੋਵੇ, ਮਤਲਬ ਵਿਸ਼ਵਾਸ਼ ਨਾ ਕੀਤਾ ਜਾਵੇ ਇਸ ਪਿੱਛੇ ਉਹ ਅਧਾਰ ਨੇੜਲੇ ਰਿਸ਼ਤਿਆਂ ਵਿੱਚ ਬਣ ਰਹੇ ਗਲਤ ਤਾਅਲੁਕਾਂ ਨੂੰ ਬਣਾਉਂਦੇ ਹਨ, ਜੋ ਅਕਸਰ ਅਖਬਾਰਾਂ ਆਦਿ ਵਿੱਚ ਖਬਰਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਹਨ, ਦੁਨੀਆਂ ਤੇ ਕੁਝ ਪਾਗਲ ਹਾਲੇ ਰਹਿਣਗੇ ਹੀ ਕਿਉਂਕਿ ਅਸੀਂ ਆਈਨੇ ਵਿਕਸਤ ਨਹੀਂ ਹੋਏ ਹਾਲੇ | ਜੇਕਰ ਇਸੇ ਆਧਾਰ 'ਤੇ ਹੀ ਚੱਲਿਆ ਜਾਵੇ ਤਾਂ ਅਖ਼ਬਾਰਾਂ ਵਿੱਚ 'ਬਾਪ ਵੱਲੋਂ ਲੰਮੇਂ ਅਰਸੇ ਤੱਕ ਧੀ ਨਾਲ ਬਲਾਤਕਾਰ' ਵਰਗੀ ਖ਼ਬਰ ਵੀ ਮਿਲਦੀ ਹੈ ਤਾਂ ਕੀ ਸਾਨੂੰ ਇਹ ਸਿੱਖਿਆ ਵੀ ਦੇਣੀ ਪਵੇਗੀ ਕਿ ਕੋਈ ਵੀ ਧੀ ਆਪਣੇ ਬਾਪ ਤੇ ਵਿਸ਼ਵਾਸ਼ ਨਾ ਕਰੇ ? ਅਜਿਹੀਆਂ ਕੋਝੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਨ੍ਹਾਂ ਦੇ ਅਧਾਰ 'ਤੇ ਪਰਿਵਾਰਾਂ ਵਿਚਲੇ ਵਿਸ਼ਵਾਸ਼ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ ਸਗੋਂ ਸਾਨੂੰ ਉਹ ਕਾਰਨ ਲੱਭਣੇ ਪੈਣਗੇ ਜਿਨ੍ਹਾਂ ਕਾਰਨ ਇਹ ਸਭ ਵਾਪਰਦਾ ਹੈ ਇਹਨਾਂ ਘਟਨਾਵਾਂ ਪਿੱਛੇ ਜਿਆਦਾ ਦੋਸ਼ੀ ਮਾਂ-ਬਾਪ ਹੀ ਹਨ, ਜੋ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਅਲਗ-ਅਲਗ ਪਹਿਚਾਣ ਅਤੇ ਅਹਿਮੀਅਤ ਨਹੀਂ ਸਮਝਾ ਸਕੇ ਅਜਿਹੀਆਂ ਘਟਨਾਵਾਂ ਵਾਪਰਨ ਦੇ ਅਸਾਰ ਉੱ ਥੇ ਹੀ ਜਿਆਦਾ ਹਨ ਜਿੱਥੇ ਲੋਕ ਲੜਕੀ ਨੂੰ ਘਰ ਦੀ ਵਲਗਣ ਵਿੱਚ ਕੈਦ ਕਰਕੇ, ਬਾਹਰੀ ਮੁਸ਼ਟੰਡਿਆਂ ਤੋਂ ਬਚਾਉਣ ਦੇ ਹਤੈਸੀ ਹਨ ਅਨਪੜਤਾ ਵੀ ਇਸ ਪਿਛਲਾ ਇੱਕ ਕਾਰਨ ਹੈ ਮਾਂ-ਬਾਪ ਦੀ ਸਿੱਖਿਆ ਦੇਣ ਵਿੱਚ ਕੀਤੀ ਕੁਤਾਹੀ ਮੁੱਖ ਰੂਪ ਵਿੱਚ (ਪ੍ਰਧਾਨ ਰੂਪ ਵਿੱਚ) ਭਾਗੀਦਾਰ ਹੈ
ਜਵਾਨੀ ਦੇ ਪਿਆਰ ਅਰਥਾਤ ਜੀਵਨ ਸਾਥੀ ਦੀ ਚੋਣ ਵੀ ਇਹ ਅਖੌਤੀ ਚੇਤਨ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨ ਕਰਦੀ ਹੈ, ਇਹ ਇੱਕ ਪਾਸੇ ਮੁੰਡਿਆਂ ਨੂੰ ਧੋਖੋਬਾਜ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਜੁੱਟ ਜਾਂਦੇ ਹਨ ਤੇ ਦੂਜੇ ਪਾਸੇ ਇਸ ਕਰਮ ਲਈ ਸਿਰਫ ਧੀ ਹੀ ਕਸੂਰਵਾਰ ਹੈ, ਇਨ੍ਹਾ ਦੇ ਮਨ ਵਿੱਚ ਉਵੇਂ ਦਾ ਉਵੇਂ ਹੀ ਕਾਇਮ ਰਹਿੰਦਾ ਹੈ
ਸਦੀਆਂ ਪੁਰਾਣਾ ਕੂੜ-ਕਬਾੜ ਪਤਾ ਨਹੀਂ ਅਸੀਂ ਹੋਰ ਕਿੰਨਾਂ ਕੁ ਚਿਰ ਢੋਣ ਦੀ ਠਾਣ ਰੱਖੀ ਹੈ, ਅਖੇ ਧੀ ਦੇ ਉੱਧਲ ਜਾਣ ਨਾਲ ਬਾਬਲ ਦੀ ਪਗੜੀ ਰੁਲ ਜਾਂਦੀ ਹੈ |ਨਹੀਂ ਆਖਿਆ ਜਾ ਸਕਦਾ ਕਿ ਨਮੋਸ਼ੀ ਨਹੀਂ ਹੁੰਦੀ, ਪਰ ਇਹ ਨਮੋਸ਼ੀ ਪੁਰਾਣੀਆਂ ਧਾਰਨਾਵਾਂ ਨੂੰ ਅੱਜ ਵੀ (ਜਦ ਇਹ ਕਿਸੇ ਵੀ ਮਤਲਬ ਦੀਆਂ ਨਹੀਂ) ਸਿਰ 'ਤੇ ਚੁੱਕੀ ਰੱਖਣ ਕਾਰਨ ਹੈ ਇਹ ਜਨੂਨ ਸ਼ਹਿਰੀ ਜ਼ਿੰਦਗੀ ਵਿੱਚੋਂ ਉਡਣ-ਛੂ ਹੋਣ ਲੱਗਾ ਹੈ ਮਾਂ ਜਾਂ ਬਾਪ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਸਦੇ ਬੱਚੇ ਐਨੇ ਪਰਿਪੱਕ ਹੋ ਗਏ ਹਨ ਕਿ ਉਹ ਆਪਣਾ ਜੀਵਨ ਸਾਥੀ ਆਪ ਚੁਨਣ ਦੀ ਹਾਲਤ ਵਿੱਚ ਹਨ ਜੇਕਰ ਧੀ-ਪੁੱਤ ਨੂੰ ਸਹੀ ਸਿੱਖਿਆ ਮਿਲੀ ਹੋਵੇ ਤੇ ਉਸਦੇ ਨਿੱਜੀ ਫੈਸਲਿਆਂ ਦਾ ਸਨਮਾਨ ਹੋਵੇ ਤਾਂ ਉਹ ਆਪਣੇ ਮਾਂ-ਬਾਪ ਨੂੰ ਆਪਣੇ ਹਰ ਰਿਸ਼ਤੇ ਬਾਰੇ ਦੱਸ ਦੇਣਗੇ ਤੇ ਉਧਾਲੇ ਆਦਿ ਗੈਰ-ਜ਼ਰੂਰੀ ਹੋ ਜਾਣਗੇ ਉਧਾਲੇ ਦੇ ਪਿੱਛੇ ਧੀ-ਪੁੱਤ ਦੀ ਜੀਵਨ ਸਾਥੀ ਦੀ ਚੋਣ ਤੋਂ ਵੱਧ ਮਾਂ-ਬਾਪ ਦਾ ਬੇ-ਮਤਲਬ ਦਾ ਦਾਬਾ ਹੁੰਦਾ ਹੈ ਖੁਦ ਨੂੰ ਸਭਿਅਤਾ ਦੇ ਸਮਰਥਕ ਲੇਖਕ ਮੰਨਦੇ ਹਨ ਕਿ ਪਿਆਰ ਰੂਹਾਂ ਦੀ ਸਾਂਝ ਦਾ ਨਾਮ ਹੈ, ਪਰ ਧੀ ਲਈ ਜੀਵਨ ਸਾਥੀ ਚੁਨਣ ਦਾ ਹੱਕ ਬਾਪ ਦੇ ਹੱਥ ਰੱਖਣ ਦੇ ਹਤੈਸ਼ੀ ਵੀ ਹਨ ਇੰਝ ਉਹ ਅਚੇਤ ਰੂਪ ਵਿੱਚ ਦੋਗਲੀ ਸੋਚ ਵਾਲੇ ਹੋ ਜਾਂਦੇ ਹਨ, ਕਿਉਂਕਿ ਜੇ ਪਿਆਰ ਰੂਹਾਂ ਦੀ ਸਾਂਝ ਹੈ ਤਾਂ ਬਾਪ ਨੂੰ ਕੋਈ ਹੱਕ ਨਹੀਂ ਰਹਿੰਦਾ ਕਿ ਉਹ ਧੀ ਦੀ ਜਿਸ ਨਾਲ ਕੋਈ ਵੀ ਰੁਹਾਨੀ ਸਾਂਝ ਨਾ ਹੋਵੇ ਉਸ ਮੁੰਡੇ ਨਾਲ ਨਰੜ ਦੇਵੇ ਤੇ ਪਿਆਰ ਵਿਹੂਣੀ ਜਿਸਮਾਂ ਦੀ ਖੇਡ ਖੇਡਣ ਲਈ ਮਜ਼ਬੂਰ ਕਰੇ ਇੱਕ ਬਾਪ ਧੀ ਨਾਲ ਆਪ ਬਲਾਤਕਾਰ ਕਰਦਾ ਹੈ ਤੇ ਦੂਜਾ ਸਮਾਜਿਕ ਰੀਤਾਂ ਰਸਮਾਂ ਦਾ ਅਡੰਬਰ ਰਚਕੇ ਇੱਕੀਵੀਂ ਸਦੀ ਵਿੱਚ ਵੀ ਕਿਸੇ ਨੌਜਵਾਨ ਨੂੰ ਧੀ ਨਾਲ ਬਲਾਤਕਾਰ ਕਰਨ ਦਾ ਸਰਟੀਫਿਕੇਟ ਦੇ ਦਿੰਦਾ ਹੈ, ਦੋਵਾਂ ਵਿੱਚ ਫਰਕ ਕਿੱਥੇ ਹੈ ?? ਬਲਾਤਕਾਰ ਦਾ ਅਰਥ ਹੀ ਹੁੰਦਾ ਹੈ 'ਮਰਜ਼ੀ ਦੇ ਬਿਨਾਂ ਜਿਸਮਾਨੀ ਤਾਲੁਕ ' ਰੂਹਾਂ ਦੀ ਸਾਂਝ ਵਾਲਾ ਸਾਥੀ ਜੇ ਲੜਕੀ ਨੂੰ ਦੋ ਦਿਨਾਂ ਵਿੱਚ ਤਲਾਕ ਦੇ ਦੇਵੇਗਾ, ਜਾਂ ਅੱਗੇ ਵੇਚ ਦੇਵੇਗਾ ਆਦਿ ਆਦਿ ਤਾਂ ਜਿਸ ਨਾਲ ਕੋਈ ਰੁਹਾਨੀ ਸਾਂਝ ਹੀ ਨਹੀਂ (ਵੱਡਿਆਂ ਨੇ ਸਿਰਫ ਘਰ, ਦੌਲਤ ਆਦਿ ਦੇਖਕੇ ਸਭ ਤਹਿ ਕੀਤਾ ਹੈ) ਜਿਸ ਲਈ ਲੜਕੀ ਭੋਗਣ ਵਾਲੀ ਵਸਤੂ ਮਾਤਰ ਹੈ, ਉਸਤੋਂ ਤਾਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਇਸ ਤੋਂ ਵੀ ਬੁਰੀ ਹਾਲਤ ਕਰੇਗਾ ਤਲਾਕਾਂ ਦੇ ਮਾਮਲੇ ਵਿੱਚ ਵੀ ਦੇਖਣਾ ਬਣਦਾ ਹੈ ਕਿ ਕਿੰਨੇ ਅਜਿਹੇ ਰਿਸ਼ਤੇ ਅਦਾਲਤਾਂ ਵਿੱਚ ਟੁੱਟਦੇ ਹਨ ਜੋ ਬਾਪ ਦੇ ਟੋਲੇ ਵਰ 'ਤੇ (ਅਰੇਂਜ਼ ਮੈਰਿਜ਼) ਅਧਾਰਿਤ ਹਨ, ਘਰਾਂ ਦੇ ਕਲੇਸ਼ਾਂ ਤੋਂ ਤਾਂ ਅਸੀਂ ਸਾਰੇ ਭਲੀ ਭਾਂਤ ਜਾਣੂ ਹੀ ਹਾਂ ਰਹੀ ਗੱਲ ਪ੍ਰੇਮੀ ਵੱਲੋਂ ਅੱਗੇ ਵੇਚ ਦੇਣ ਦੀ, ਜਦ ਪਿਆਰ ਦਾ ਸੰਕਲਪ ਹਾਲੇ ਐਨਾ ਨਹੀਂ ਸੀ ਨਿੱਖਰਿਆ, ਔਰਤ ਤਾਂ ਤਦ ਵੀ ਕਈ ਕਈ ਥਾਵਾਂ 'ਤੇ ਵੇਚੀ ਜਾਂਦੀ ਰਹੀ ਹੈ ਸਿਰਫ ਤੇ ਸਿਰਫ ਪਿਆਰ ਹੀ ਇੱਕ ਐਸਾ ਅਹਿਸਾਸ ਹੈ ਜੋ ਕਿਸੇ ਇਨਸਾਨ ਨੂੰ ਖਰੀਦਣ ਵੇਚਣ ਵਾਲੀ ਵਸਤੂ ਤੋਂ ਅਲਗ ਕਰਕੇ ਦੇਖਣ ਦੇ ਸਮਰੱਥ ਬਣਾ ਸਕਦਾ ਹੈ ਧੀ-ਪੁੱਤ ਦਾ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਨਣਾ, ਹਰਗਿਜ਼ ਹਰਗਿਜ਼ ਜੁਰਮ ਨਹੀਂ, ਜਿਸ ਨਾਲ ਲੇਖਕਾਂ ਨੇ ਬਾਪ ਦੀ ਸ਼ਮਲੇ ਵਾਲੀ ਪੱਗ ਦਾ ਨੀਵਾਂ ਹੋਣਾ ਤੇ ਮਾਂ ਦੀ ਚੁੰਨੀ ਦਾ ਦਾਗੀ ਹੋਣਾ ਜੋੜ ਦਿੱਤਾ ਹੈ ਚਾਹੀਦਾ ਇਹ ਹੈ ਕਿ ਜਵਾਨ ਧੀ- ਪੁੱਤ ਦੇ ਨਿੱਜੀ ਫੈਸਲੇ ਦਾ ਸਨਮਾਨ ਕਰਦੇ ਹੋਏ ਮਾਂ-ਬਾਪ ਆਪਣੀ ਔਲਾਦ ਦੇ ਹੱਕ ਵਿੱਚ ਖੜ੍ਹੇ ਹੋਣ ਕਿਉਂਕਿ ਉਹ ਉਸਨੂੰ ਗਰਜ਼ ਰਹਿਤ ਪਿਆਰ ਕਰਦੇ ਹਨ’, ਆਦਮੀਂ ਸਮਾਜ ਨਾਲ ਬਾਅਦ ਵਿੱਚ ਪਹਿਲਾਂ ਆਪਣੇ ਬੱਚਿਆਂ ਨਾਲ ਸੰਬੰਧਿਤ ਹੁੰਦਾ ਹੈ ਸ਼ਮਲੇ ਵਾਲੀ ਪੱਗ ਦੇ ਨੀਵੇਂ ਹੋਣ ਨੂੰ ਘੱਟੋ-ਘੱਟ ਜਵਾਨੀ ਦੇ ਨਿੱਜੀ ਫੈਸਲਿਆਂ 'ਤੇ ਨਾ ਲੱਦਿਆ ਜਾਵੇ ਲਾਹਣਤ ਦੇ ਅਧਿਕਾਰੀ ਉਹ ਮਾਂ-ਬਾਪ ਹਨ ਜੋ ਬੱਚਿਆਂ ਲਈ ਖੁਦ ਜੀਵਨ ਸਾਥੀ ਟੋਲਦੇ ਫਿਰਦੇ ਹਨ ਜਿਨ੍ਹਾਂ ਨੇ ਆਪਣੀ ਧੀ-ਪੁੱਤ ਨੂੰ ਹਾਲੇ ਵੀ ਇਸ ਲਾਇਕ ਨਹੀਂ ਬਣਾਇਆ ਕਿ ਉਹ ਆਪਣਾ ਜੀਵਨ ਸਾਥੀ ਤਲਾਸ਼ ਕਰ ਸਕੇ

ਧੀ ਤੋਂ ਕਲਪਨਾ ਚਾਵਲਾ ਬਨਣ ਦੀ ਉਮੀਦ ਸੰਜੋਈ ਬੈਠਾ ਬਾਪ ਨਹੀਂ ਸੋਚ ਰਿਹਾ ਕਿ ਉਸਦੀ ਧੀ ਦਾ ਮਨ ਤਾਂ ਆਪਣੇ ਹਾਣੀ ਵਿੱਚ ਅਟਕਿਆ ਹੋਇਆ ਹੈ, ਜਿਸਨੂੰ ਉਹ 'ਚੋਰੀ ਦੇ ਗੁੜ' ਵਾਂਗ ਲੁਕਾਉਣ ਲਈ ਮਬੂਰ ਹੈ ਗੌਰ ਕਰਨਾ 'ਚੋਰੀ ਦਾ ਗੁੜ' ਜਿਆਦਾ ਆਕਰਸ਼ਨ ਭਰਪੂਰ ਹੁੰਦਾ ਹੈ ਤੇ ਇਸ ਵਿੱਚੋਂ ਬਹੁਤ ਰੋਗ ਨਿਕਲਦੇ ਹਨ ਚੰਗਾ ਹੈ ਅੱਲੜ੍ਹ ਉਮਰ ਨੂੰ ਵੱਡਿਆਂ ਦਾ ਸਾਥ ਮਿਲ ਜਾਵੇ ਤਾਂ ਉਸਤੋਂ ਗਲਤ ਫੈਸਲੇ ਹੋਣ ਦੀ ਗੁੰਜ਼ਾਇਸ਼ ਮਿਟ ਜਾਵੇ ਲੋੜ ਮਾਂ-ਬਾਪ ਤੇ ਬੱਚਿਆਂ ਦੇ ਸੰਬੰਧ ਨੂੰ ਦੋਸਤੀ ਦੇ ਪੱਧਰ 'ਤੇ ਲੈ ਆਉਣ ਦੀ ਹੈ
ਪੁਰਾਣਾ ਸਭ ਕੁੱਝ ਸਹੀ ਹੀ ਸੀ ਇਹ ਜਿੱਦ ਸਾਨੂੰ ਹਨ੍ਹੇਰੀਆਂ ਗਲੀਆਂ ਵਿੱਚ ਲੈ ਜਾਵੇਗੀ ਤੇ ਅਸੀਂ ਬਾਬਾ ਆਦਮ ਦੇ ਜਮਾਨੇ ਵੱਲ ਪਰਤਣ ਦਾ ਰਾਹ ਫੜ ਲਵਾਂਗੇ ਜੋ ਵੀ ਚੰਗਾ ਨਵਾਂ ਆ ਰਿਹਾ ਹੈ ਉਸਦੇ ਸਨਮਾਨ ਲਈ ਤਿਆਰ ਰਹਿਣਾ ਹੀ ਜਿਉਂਦੇ ਹੋਣ ਦਾ ਸਬੂਤ ਹੈ ਅਤੇ ਜ਼ਿੰਦਗੀ ਦੇ ਅੱਗੇ ਵਧਣ ਲਈ ਜਰੂਰੀ ਵੀ
ਕੁੱਝ ਲੇਖਾਂ ਵਿੱਚ ਮੋਬਾਇਲ ਅਤੇ ਟੀਵੀ ਵਰਗੀਆਂ ਤਕਨੀਕਾਂ ਦੇ ਨੁਕਸਾਨ ਗਿਣਾਕੇ ਇਸ ਸਭ ਲਈ ਮੁੱਖ ਰੂਪ ਜੁਮੇਵਾਰ ਮੰਨਿਆਂ ਜਾਂਦਾ ਹੈ ਨੁਕਸਾਨ ਹੈ ਵੀ ਹਨ ਇਹ ਸੱਚ ਹੈ, ਪਰ ਇਨ੍ਹਾਂ ਦੇ ਫਾਇਦੇ ਨੁਕਸਾਨ ਤੋਂ ਸਦਾ ਹੀ ਜਿਆਦਾ ਹਨ, ਜ਼ਰੂਰਤ ਸਿੱਖਿਆ ਦੇਣ ਦੀ ਹੈ ਕਿ ਇਨ੍ਹਾਂ ਨੂੰ ਕਿਵੇਂ ਵਰਤਣਾ ਹੈ ਤੇ ਬੱਚਿਆਂ ਨੂੰ ਇਨ੍ਹਾਂ ਦੀਆਂ ਹਾਨੀਆਂ ਤੋਂ ਸੁਚੇਤ ਕਰਨ ਦੀ ਜ਼ਰੂਰਤ ਹੈ
ਜਿੰਨਾ ਚਿਰ ਮਾਂ-ਬਾਪ ਬੱਚਿਆਂ ਨੂੰ ਵੀ ਆਪਣੀ ਪ੍ਰਾਪਰਟੀ (ਜਾਗੀਰ) ਦੀ ਤਰਾਂ ਦੇਖਣਗੇ, ਇਨ੍ਹਾਂ ਮਾਮਲਿਆਂ ਵਿੱਚ ਸ਼ਮਲੇ ਵਾਲੀਆਂ ਪੱਗਾਂ ਰੁਲਣ ਦਾ, ਚੁੰਨੀਆਂ ਦਾਗੀ ਹੋਣ ਦਾ ਸਿਲਸਿਲਾ ਬਣਿਆ ਰਹੇਗਾ ਕਿਉਂਕਿ ਕਿਸੇ ਵੀ ਧੜਕਦੀ ਜਿੰਦਗੀ ਵਾਲੀ ਜਵਾਨੀ 'ਤੇ ਕੋਈ ਵੀ ਬਹੁਤਾ ਚਿਰ ਆਪਣੀ ਮਨ-ਮਰਜ਼ੀ ਦੇ ਕੋਟ (ਫੈਸਲੇ) ਨਹੀਂ ਟੰਗ ਸਕਦਾ
ਲੜਕੇ ਤੇ ਲੜਕੀਆਂ ਨੂੰ ਦੂਰ ਕਰ ਦੇਣਾ ਇਸ ਮਸਲੇ ਦਾ ਹੱਲ ਨਹੀਂ, ਸਗੋਂ ਗਲਤ ਤਾਅਲੁਕਾਂ ਦੇ ਰੋਗ ਨੂੰ ਸ਼ਹਿ ਦੇਣਾ ਹੈ ਲੋੜ ਕੈਦ ਦੀ ਨਹੀਂ, ਚੇਤਨਾ ਵਿਕਸਤ ਕਰਨ ਦੀ ਹੈ, ਤਾਂ ਜੋ ਬੱਚੇ ਆਪਣਾ ਭਲਾ ਬੁਰਾ ਹਰ ਕਰਮ ਕਰਨ ਤੋਂ ਪਹਿਲਾਂ ਸੋਚ ਸਕਣ ਇਹ ਮਾਂ-ਬਾਪ ਦੇ ਹੱਥ ਹੈ
ਸਾਡੇ ਲਈ ਸ਼ਰਮ ਦੀ ਗੱਲ ਹੈ ਅੱਜ ਵੀ ਹਾਲਾਤ ਬਕੌਲ ਸੁਰਜੀਤ ਪਾਤਰ ਦਾ ਸ਼ਿਅਰ :


ਇੱਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ,
ਕੀ ਖੱਟਿਆ ਮਹਿੰਦੀ ਲਾਕੇ ਵਟਣਾ ਮਲਕੇ


ਜਵਾਨੀ ਨੂੰ ਹੱਕ ਹੈ ਕਿ ਉਹ ਹਰ ਕੈਦ ਤੋੜ ਦੇਵੇ, ਤੇ ਉਸਦਾ ਇੱਕ ਫਰਜ਼ ਵੀ ਹੈ ਮਾਨ-ਬਾਪ ਦੇ ਦਿੱਤੇ ਸਨਮਾਨ ਦਾ ਆਦਰ ਕਰਨਾ ਕਿ ਜੇਕਰ ਮਾਂ-ਬਾਪ ਦੇ ਦਿੱਤੇ ਗਏ ਸਨਮਾਨ ਤੋਂ ਬਾਅਦ ਵੀ ਉਹ ਪਰਦਾਦਾਰੀ ਕਾਇਮ ਰਖਦੇ ਹਨ ਤਾਂ ਗੁਨਾਹਗਾਰ ਹਨ ਉਹਨਾਂ ਦੇ ਮਨ ਵਿੱਚ ਪਿਆਰ ਨਹੀਂ ਜਰੂਰ ਕੋਈ ਹੋਰ ਰੋਗ ਪਨਪ ਰਿਹਾ ਹੈ, ਜਿਸ ਵਿੱਚ ਕੋਈ ਗੁਨਾਹ ਵਰਗਾ ਅਹਿਸਾਸ ਹੈ ਜੋ ਜ਼ਾਹਿਰ ਨਹੀਂ ਹੋਣਾ ਚਾਹੁੰਦਾ
ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਹੀਵਾਲ, ਮਿਰਜ਼ਾ-ਸਹਿਬਾਂ ਦੇ ਕਿੱਸੇ ਤਾਂ ਬੜੇ ਜੁਸ਼ੋ ਖਰੋਸ਼ ਨਾਲ ਸੁਣੇ ਜਾਂਦੇ ਹਨ, ਪਰ ਇਸ ਪਿਆਰ ਦੇ ਸੰਬੰਧਾਂ ਨੂੰ ਹਕੀਕਤ ਵਿੱਚ ਵਾਪਰਦੇ ਦੇਖ ਬਜ਼ੁਰਗਾਂ ਦੇ (ਬਜ਼ੁਰਗਾਂ ਤੋਂ ਭਾਵ ਉਹ ਸਾਰੇ ਜੋ ਕਿਤੇ ਅਤੀਤ ਵਿੱਚ ਜਾਮ ਹੋ ਗਏ ਹਨ) ਪੈਰ ਕਿਉਂ ਕੰਬਣ ਲੱਗ ਜਾਂਦੇ ਹਨ ? ਉਪਰੋਕਤ ਸਾਰੇ ਕਿੱਸੇ ਦਸਦੇ ਹਨ ਕਿ ਪਿਆਰ ਨੂੰ ਸਨਮਾਨ ਨਾ ਦਿੱਤਾ ਗਿਆ ਤਾਂ ਉਧਾਲੇ ਨਹੀਂ ਰੁਕਣ ਲੱਗੇ ਸਾਹਿਤ ਸਮਾਜ ਦਾ ਸ਼ੀਸ਼ਾ ਤਾਂ ਹੁੰਦਾ ਹੈ, ਫਕਤ ਮਨੋਰੰਜ਼ਨ ਦਾ ਸਾਧਨ ਨਹੀਂ ਕਾਸ਼ ਜਿੰਨਾ ਸਨਮਾਨ ਅਸੀਂ 'ਹੀਰ ਵਾਰਿਸ ਸ਼ਾਹ' ਨੂੰ ਦਿੱਤਾ ਉਨਾਂ ਹੀ ਸਨਮਾਨ ਪਿਆਰ ਦੇ ਰਿਸ਼ਤਿਆਂ ਨੂੰ ਦਿੱਤਾ ਹੁੰਦਾ ਤੇ ਪਿਆਰ ਦੇ ਸੰਬੰਧਾਂ ਨੂੰ ਹਿਕਾਰਤ ਭਰੀ ਨਜ਼ਰ ਨਾਲ ਨਾ ਦੇਖਿਆ ਹੁੰਦਾ ਤਾਂ ਉਧਾਲੇ ਹੁਣ ਤੱਕ ਅਤੀਤ ਦਾ ਕੋਈ ਵਾਕਿਆ ਹੋ ਜਾਣੇ ਸਨ
'ਪਿਆਰ' ਤੇ 'ਵਿਸ਼ਵਾਸ਼' ਜਿੰਦਗੀ ਦੇ ਧੁਰੇ ਹਨ ਜੋ ਹਰ ਕੀਮਤ 'ਤੇ ਬਚਾਉਣੇ ਜ਼ਰੂਰੀ ਹਨ
ਜੇਕਰ ਮਾਂ-ਬਾਪ ਬੱਚਿਆਂ ਤੋਂ ਸਨਮਾਨ ਲੋੜਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇੱਜਤ ਸਾਂਭਣ ਵਾਲੇ ਬੱਚਤ ਖਾਤੇ ਨਾ ਮੰਨਕੇ ਇੱਕ ਇਨਸਾਨ, ਉਨ੍ਹਾਂ ਦੀ ਸੁਤੰਤਰ ਨਿੱਜੀ ਜ਼ਿੰਦਗੀ, ਨਿੱਜੀ ਫੈਸਲਿਆਂ ਨੂੰ ਸਨਮਾਨ ਦੇਣ ਨੁੰ ਕਬੂਲ ਕਰਨਾ ਪਵੇਗਾ ਫਿਰ ਦਾਅਵਾ ਕੀਤਾ ਜਾ ਸਕਦਾ ਹੈ ਕਿ ਇੱਜਤ ਨਹੀਂ ਰੁਲੇਗੀ ਤੇ ਜਵਾਨੀ ਉਸਾਰੂ ਕੰਮਾਂ ਵੱਲ ਪ੍ਰੇਰਿਤ ਕੀਤੀ ਜਾ ਸਕੇਗੀ

ਇਕਬਾਲ
98152-09617

Monday, July 4, 2011

ਸਾਰਾਗੜ੍ਹੀ ਬਹਾਨੇ ਗੁਲਾਮ ਮਾਨਸਿਕਤਾ ਬਾਰੇ ਕੁਝ ਗੱਲਾਂ — ਡਾ. ਅੰਮ੍ਰਿਤ

''ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ 'ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ ਅਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚਲਿਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਪਏਗੀ।''
- ਸ਼ਹੀਦ ਭਗਤ ਸਿੰਘ
ਕੋਈ ਵੀ ਲੁਟੇਰਾ ਨਿਜ਼ਾਮ ਲੋਕਾਂ ਨੂੰ ਸਿਰਫ਼ ਤਲਵਾਰ ਦੇ ਜ਼ੋਰ ਨਾਲ਼ ਬਹੁਤਾ ਚਿਰ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ। ਉਹ ਆਪਣਾ ਮਕਸਦ ਸਾਧਣ ਲਈ ਗੁਲਾਮ ਲੋਕਾਂ ਵਿੱਚੋਂ ਹੀ ਕਲਰਕਾਂ ਤੇ ਬੌਣੇ ਬੁੱਧੀਜੀਵੀਆਂ, ਪਿੱਠੂਆਂ ਤੇ ਚਾਕਰਾਂ ਦਾ ਇੱਕ ਤਬਕਾ ਤਿਆਰ ਕਰਦਾ ਹੈ ਜੋ ਉਹਨਾਂ ਦੀ ਹਰ ਤਰ੍ਹਾਂ ਨਾਲ਼ ਸੇਵਾ ਕਰਦਾ ਹੈ। ਬੌਣੀ ਕਿਸਮ ਦੇ ਬੁੱਧੀਜੀਵੀ ਲੋਕ ਮਾਲਿਕਾਂ ਪ੍ਰਤੀ ਅੰਨ੍ਹੀ ਭਗਤੀ ਤੇ ਚੰਦ ਸਿੱਕਿਆਂ ਲਈ ਮਾਲਕਾਂ ਦੇ ਹਿੱਤਾਂ ਲਈ ਲੜਨ-ਮਰਨ ਨੂੰ ਹੀ ਬਹਾਦਰੀ ਤੇ ਕਰਤੱਵ-ਪਾਲਣ ਬਣਾ ਕੇ ਪੇਸ਼ ਕਰਦੇ ਹਨ ਤੇ ਆਮ ਲੋਕਾਂ ਦੇ ਦਿਮਾਗਾਂ ਵਿੱਚ ਮਾਨਸਿਕ ਗੁਲਾਮੀ ਦਾ ਜ਼ਹਿਰ ਭਰਦੇ ਹਨ। ਸਾਡਾ ਦੇਸ਼ ਭਾਰਤ ਵੀ ਕੋਈ ਛੋਟ ਨਹੀਂ।
ਅੰਗਰੇਜ਼ਾਂ ਦੀ ਗੁਲਾਮੀ ਨੇ ਭਾਰਤ ਵਿੱਚ ਇੱਕ ਅਜਿਹਾ ਤਬਕਾ ਪੈਦਾ ਕੀਤਾ ਜਿਸ ਦਾ ਕੰਮ ਹੀ ਅੰਗਰੇਜ਼ ਮਾਲਕਾਂ ਦੀ ਵਫ਼ਾਦਾਰੀ ਵਜਾਉਣਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਬਕਾ ਅੰਗਰੇਜ਼ਾਂ ਦੇ ਜਾਣ ਨਾਲ਼ ਹੀ ਖ਼ਤਮ ਨਹੀਂ ਹੋ ਗਿਆ, ਸਗੋਂ ਅੱਜ ਵੀ ਅੰਗਰੇਜ਼ਾਂ ਤੇ ਉਹਨਾਂ ਦੇ ਸਾਮਰਾਜੀ ਹਿੱਤਾਂ ਲਈ ਲੜੇ ਲੋਕਾਂ ਨੂੰ ਆਮ ਲੋਕਾਂ ਤੇ ਨੌਜਵਾਨਾਂ ਦੇ 'ਰੋਲ ਮਾਡਲ' ਤੇ 'ਨਾਇਕ' ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਤੇ ਉਹਨਾਂ ਨੂੰ ਅੱਜ ਦੇ 'ਕਾਲੇ ਅੰਗਰੇਜ਼ਾਂ' ਤੋਂ ਭਰਵੀਂ ਹਮਾਇਤ ਵੀ ਮਿਲਦੀ ਹੈ (ਆਖਰ ਮਿਲੇ ਵੀ ਕਿਉਂ ਨਾ!)। ਅਜਿਹੀ ਹੀ ਇੱਕ ਕਹਾਣੀ, ਸਾਰਾਗੜ੍ਹੀ ਦੀ ਲੜਾਈ ਦੀ ਹੈ ਜੋ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਭਾਰਤੀ ਫੌਜੀਆਂ ਨੇ ਲੜੀ। ਲੰਘੇ ਸਤੰਬਰ ਦੀ 12 ਤਰੀਕ ਨੂੰ 'ਆਜ਼ਾਦ ਭਾਰਤ' ਦੇ ਵਸਨੀਕ 'ਸਾਰਾਗੜ੍ਹੀ ਦਿਵਸ' ਮਨਾ ਕੇ ਹਟੇ ਹਨ। ਹੱਥਲੇ ਲੇਖ ਦਾ ਵਿਸ਼ਾ ਵੀ ਸਾਰਾਗੜ੍ਹੀ ਦੀ ਲੜਾਈ ਦੀ ਘਟਨਾ ਦਾ ਵਰਣਨ ਕਰਦੇ ਮਾਨਸਿਕ ਗੁਲਾਮੀ ਤੇ ਬਸਤੀਵਾਦੀ ਜ਼ਿਹਨੀਅਤ ਦੀ ਪੁਣਛਾਣ ਕਰਨਾ ਹੈ ਅਤੇ ਇਸ ਦੇ ਵਰਤਮਾਨ 'ਆਜ਼ਾਦ ਭਾਰਤ' ਵਿੱਚ ਵੀ ਬਣੇ ਰਹਿਣ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ ਹੈ।
ਸਾਰਾਗੜ੍ਹੀ ਦੀ ਲੜਾਈ ਅੰਗਰੇਜ਼ਾਂ ਦੇ ਰਾਜ ਦੌਰਾਨ ਪਸ਼ਤੂਨ ਲੋਕਾਂ ਦੀ ਬਗਾਵਤ ਨੂੰ ਦਬਾਉਣ ਲਈ ਬ੍ਰਿਟਿਸ਼ ਭਾਰਤੀ ਸਿੱਖ ਫੌਜੀਆਂ ਦੁਆਰਾ 12 ਸਤੰਬਰ, 1897 ਨੂੰ ਲੜੀ ਗਈ। ਅੱਗੇ ਵਧਣ ਤੋਂ ਪਹਿਲਾਂ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਅਤੇ ਲੜਾਈ ਦੀ ਇਤਿਹਾਸਕ ਪਿੱਠਭੂਮੀ ਬਾਰੇ ਜਾਣ ਲੈਣਾ ਜ਼ਰੂਰੀ ਹੋਵੇਗਾ ਤਾਂ ਕਿ ਮਸਲੇ ਦੀ ਠੀਕ ਠੀਕ ਸਮਝ ਲੱਗ ਸਕੇ।

ਭੂਗੋਲਿਕ ਸਥਿਤੀ
ਪਸ਼ਤੂਨ ਲੋਕਾਂ ਨੂੰ ਮੂਲ ਅਫ਼ਗਾਨ ਨਿਵਾਸੀ ਜਾਂ ਫਿਰ ਪਠਾਨ ਵੀ ਕਿਹਾ ਜਾਂਦਾ ਹੈ। ਪਸ਼ਤੂਨ ਲੋਕ ਵਰਤਮਾਨ ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਵਾਲਾ, ਉੱਤਰ-ਪੱਛਮੀ ਸਰਹੱਦੀ ਸੂਬਾ ਤੇ ਬਲੋਚਿਸਤਾਨ ਅਤੇ ਇਹਨਾਂ ਦੇ ਨਾਲ਼ ਲੱਗਦੇ ਅਫ਼ਗਾਨਿਸਤਾਨ ਦੇ ਇਲਾਕਿਆਂ ਵਿੱਚ ਰਹਿੰਦੇ ਹਨ। ਇਰਾਨ ਦੇ ਖੁਰਾਸਨ ਪ੍ਰਾਂਤ ਵਿੱਚ ਵੀ ਵੱਡੀ ਗਿਣਤੀ ਵਿੱਚ ਪਸ਼ਤੂਨ ਲੋਕ ਰਹਿੰਦੇ ਹਨ। ਕੰਧਾਰ, ਕੋਇਟਾ, ਪੇਸ਼ਾਵਰ, ਜਲਾਲਾਬਾਦ ਤੇ ਸਵਾਤ ਪਸ਼ਤੂਨਾਂ ਦੇ ਮੁੱਖ ਸੱਭਿਆਚਾਰਕ ਤੇ ਰਾਜਨੀਤਕ ਕੇਂਦਰ ਹਨ।
ਪਸ਼ਤੂਨ ਲੋਕ ਬਹੁਤ ਸਾਰੇ ਕਬੀਲਿਆਂ ਦਾ ਸਮੂਹ ਹਨ ਜਿਹਨਾਂ ਦੀ ਇੱਕ ਸਾਂਝੀ ਭਾਸ਼ਾ 'ਪਸ਼ਤੋ' ਜਾਂ 'ਪਖ਼ਤੋ' ਹੈ ਅਤੇ ਇਹ ਲੋਕ ਇੱਕ ਮੌਖਿਕ ਨਿਯਮਾਵਲੀ 'ਪਖਤੂਨਵਾਲੀ' ਦੀ ਪਾਲਣਾ ਕਰਦੇ ਹੋਏ ਜੀਵਨ ਜਿਉਂਦੇ ਹਨ। ਵਰਤਮਾਨ ਸਮੇਂ ਵਿੱਚ ਇਹਨਾਂ ਦੀ ਆਬਾਦੀ 4.2 ਕਰੋੜ ਹੋਣ ਦਾ ਅੰਦਾਜਾ ਹੈ। ਪਾਕਿਸਤਾਨ ਦੀ ਆਬਾਦੀ ਦਾ 15.42 ਫੀਸਦੀ ਹਿੱਸਾ ਭਾਵ 2.56 ਕਰੋੜ ਲੋਕ ਪਸ਼ਤੂਨ ਲੋਕਾਂ ਦਾ ਹੈ। ਅਫ਼ਗਾਨਿਸਤਾਨ ਦੀ ਲਗਭਗ 42 ਫੀਸਦੀ ਆਬਾਦੀ ਪਸ਼ਤੂਨ ਲੋਕਾਂ ਦੀ ਹੈ। ਪਾਕਿਸਤਾਨ ਤੇ ਅਫ਼ਗਾਨਿਸਤਾਨ ਦੋਵਾਂ ਦੇਸ਼ਾਂ ਦੀ ਰਾਜਨੀਤੀ ਤੇ ਪਸ਼ਤੂਨ ਲੋਕਾਂ ਦਾ ਕਾਫ਼ੀ ਪ੍ਰਭਾਵ ਰਿਹਾ ਹੈ ਤੇ ਅੱਜ ਵੀ ਹੈ।
ਪਸ਼ਤੂਨ ਲੋਕਾਂ ਦੇ ਆਰੰਭ ਬਾਰੇ ਇਤਿਹਾਸਕਾਰ ਇੱਕ ਮਤ ਨਹੀਂ ਹਨ, ਪਰ ਫਿਰ ਵੀ ਇਹ ਖਿਆਲ ਕੀਤਾ ਜਾਂਦਾ ਹੈ ਕਿ ਪਸ਼ਤੂਨ ਲੋਕ 500 ਈ. ਪੂ. ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹਨ। 7ਵੀਂ ਸਦੀ ਵਿੱਚ ਪਸ਼ਤੂਨ ਲੋਕਾਂ ਵਿੱਚ ਇਸਲਾਮ ਦਾ ਪ੍ਰਭਾਵ ਸ਼ੁਰੂ ਹੋਇਆ ਅਤੇ 7ਵੀਂ ਸਦੀ ਤੋਂ 11ਵੀਂ ਸਦੀ ਤੱਕ ਪਸ਼ਤੂਨ ਲੋਕ ਲਗਾਤਾਰ ਅਰਬੀ ਤੇ ਤੁਰਕੀ ਦੀਆਂ ਸਲਤਨਤਾਂ ਦੇ ਹਮਲਿਆਂ ਦਾ ਸ਼ਿਕਾਰ ਹੁੰਦੇ ਰਹੇ। ਇਸ ਤੋਂ ਬਾਅਦ ਪਸ਼ਤੂਨ ਗਾਜ਼ੀ ਉੱਤਰੀ ਭਾਰਤ ਤੇ ਹਮਲੇ ਕਰਨ ਲੱਗੇ ਅਤੇ ਖਿਲਜੀ ਵੰਸ਼, ਲੋਧੀ ਵੰਸ਼ ਤੇ ਸੂਰੀ ਵੰਸ਼ ਨੂੰ ਜਨਮ ਦਿੱਤਾ। ਪਰ ਪਸ਼ਤੂਨ ਲੋਕਾਂ ਦੀ ਰਾਜਨੀਤਕ ਏਕਤਾ 'ਹੋਤਾਕੀ ਵੰਸ਼' (1709-1738) ਤੇ ਬਾਅਦ ਵਿੱਚ 'ਦੁਰਾਨੀ ਸਲਤਨਤ' (1747-1826) ਦੇ ਉੱਥਾਨ ਨਾਲ਼ ਹੀ ਪੈਦਾ ਹੋਈ। 1893 ਤੱਕ ਪਸ਼ਤੂਨ ਇਲਾਕਾ ਅਣ-ਵੰਡਿਆ ਰਿਹਾ, ਪਰ 1893 ਦੇ ਸਾਲ ਅੰਗਰੇਜ਼ਾਂ ਨੇ ਆਪਣੇ ਸਾਮਰਾਜੀ ਹਿੱਤਾਂ ਨੂੰ ਅੱਗੇ ਰੱਖ ਕੇ ਫੌਜੀ ਤਾਕਤ ਦੇ ਜ਼ੋਰ ਨਾਲ਼ ਇਸ ਇਲਾਕੇ ਵਿੱਚ 'ਡਿਊਰੈਂਡ ਲਾਈਨ' ਖਿੱਚ ਦਿੱਤੀ ਅਤੇ ਪਸ਼ਤੂਨ ਲੋਕਾਂ ਨੂੰ ਆਪਣੇ ਹੀ ਘਰ ਅੰਦਰ ਬੇਗਾਨੇ ਕਰ ਦਿੱਤਾ। ਸਦੀਆਂ ਤੋਂ ਇਕੱਠੇ ਰਹਿ ਰਹੇ ਲੋਕਾਂ ਨੂੰ ਦੋ ਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਅਤੇ ਇਹੀ ਲਾਈਨ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਸਰਹੱਦ ਬਣੀ। ਬਹੁਤ ਸਾਰੇ ਪਸ਼ਤੂਨ ਲੋਕ ਅੱਜ ਵੀ ਇਸ ਲਾਈਨ ਨੂੰ ਮਾਨਤਾ ਨਹੀਂ ਦਿੰਦੇ।

ਇਤਿਹਾਸਕ ਪਿੱਠਭੂਮੀ
19ਵੀਂ ਤੇ 20ਵੀਂ ਸਦੀ ਦੌਰਾਨ ਬ੍ਰਿਟੇਨ ਤੇ ਰੂਸੀ ਸਾਮਰਾਜੀ ਤਾਕਤਾਂ ਦੀ ਕੇਂਦਰੀ ਏਸ਼ੀਆ ਵਿੱਚ ਚੱਲ ਰਹੀ ਆਪਸੀ ਖਹਿਬਾਜ਼ੀ ਦੌਰਾਨ ਅਫ਼ਗਾਨਿਸਤਾਨ ਤੇ ਪਸ਼ਤੂਨ ਲੋਕਾਂ ਨੂੰ ਦੋ ਪਾਸਿਆਂ ਤੋਂ ਦਮਨ ਦਾ ਸ਼ਿਕਾਰ ਹੋਣਾ ਪਿਆ। ਰੂਸ ਲਗਾਤਾਰ ਅਫਗਾਨਿਸਤਾਨ ਅੰਦਰ ਪੈਰ ਪਸਾਰ ਰਿਹਾ ਸੀ ਅਤੇ ਅੰਗਰੇਜ਼ ਰੂਸ ਨੂੰ ਆਪਣੀ ਸਭ ਤੋਂ 'ਪਿਆਰੀ ਬਸਤੀ' ਭਾਰਤ ਲਈ ਸੰਭਾਵਿਤ ਖ਼ਤਰਾ ਮੰਨਦੇ ਸਨ। ਸਿੱਟੇ ਵਜੋਂ ਉਹਨਾਂ ਨੇ ਵੀ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਜਾਂ ਫਿਰ ਇੱਥੇ ਆਪਣੀ ਕੱਠਪੁਤਲੀ ਸਰਕਾਰ ਸਥਾਪਿਤ ਕਰਨ ਦੀਆਂ ਕੂਟਨੀਤਕ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ। ਇਹਨਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ 1839-1842 ਦੌਰਾਨ ਪਹਿਲੀ ਅੰਗਰੇਜ਼-ਅਫ਼ਗਾਨ ਜੰਗ ਲੜੀ ਗਈ।
ਸ਼ੁਰੂਆਤੀ ਸਾਲਾਂ ਦੌਰਾਨ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਤੇ ਉਸ ਸਮੇਂ ਹਕੂਮਤ ਕਰ ਰਹੇ ਦੋਸਤ ਮੁਹੰਮਦ ਖਾਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਉਸ ਦੀ ਥਾਂ ਆਪਣੇ ਹੱਥ-ਠੋਕੇ ਸ਼ਾਹ ਸ਼ਉਜਾ ਨੂੰ ਤਖ਼ਤ 'ਤੇ ਬਿੱਠਾ ਦਿੱਤਾ ਅਤੇ ਸ਼ਾਹ ਸ਼ਉਜਾ ਦੀ ਸਹਾਇਤਾ ਕਰਨ ਦੀ ਬਿਨਾ 'ਤੇ ਆਪਣੀ ਫੌਜ਼ ਕਾਬੁਲ ਬਿਠਾ ਦਿੱਤੀ। ਪਰ ਦੋ ਕੁ ਸਾਲਾਂ ਬਾਅਦ ਹੀ ਕਬੀਲਾਈ ਲੋਕਾਂ ਨੇ ਦੋਸਤ ਮੁਹੰਮਦ ਦੇ ਪੁੱਤਰ ਅਕਬਰ ਖਾਨ ਦੀ ਅਗਵਾਈ ਵਿੱਚ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ। ਨਵੰਬਰ, 1841 ਵਿੱਚ ਲੋਕਾਂ ਦੀ ਭੀੜ ਨੇ ਕਾਬੁਲ ਸ਼ਹਿਰ ਦੇ ਅੰਦਰ ਬ੍ਰਿਟਿਸ਼ ਅਫ਼ਸਰਾਂ ਨੂੰ ਮਾਰ ਦਿੱਤਾ। ਹਾਲਾਤ ਹੱਥੋਂ ਨਿਕਲਦੇ ਦੇਖ ਅੰਗਰੇਜ਼ਾਂ ਨੇ ਅਕਬਰ ਖਾਨ ਨਾਲ਼ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਬਰ ਖਾਨ ਨੇ ਉਹਨਾਂ ਨੂੰ ਕਾਬੁਲ ਛੱਡਣ ਲਈ ਮਜਬੂਰ ਕਰ ਦਿੱਤਾ। ਕਾਬੁਲ ਤੋਂ ਜਲਾਲਾਬਾਦ ਤੱਕ ਆਉਣ ਸਮੇਂ 16,000 ਦੇ ਅੰਗਰੇਜ਼ ਕਾਫ਼ਲੇ ਨੂੰ ਭਾਰੀ ਲੜਾਈ ਲੜਨੀ ਪਈ ਤੇ ਕੋਈ ਸੱਤ ਕੁ ਸਿਪਾਹੀ ਤੇ ਦੋ-ਤਿੰਨ ਅਫ਼ਸਰ ਹੀ ਜਲਾਲਾਬਾਦ ਤੱਕ ਜਿਉਂਦੇ ਅੱਪੜ ਸਕੇ। ਇਸ 16,000 ਦੇ ਕਾਫ਼ਲੇ ਵਿੱਚ ਅੰਗਰੇਜ਼ ਫੌਜੀਆਂ ਦੀ ਸਿਰਫ ਇੱਕ ਬਟਾਲੀਅਨ ਸੀ, ਬਾਕੀ ਸਾਰੇ ਭਾਰਤੀ ਤਨਖਾਹਦਾਰ ਫੌਜੀ ਸਨ।
ਇਸ ਸ਼ਰਮਨਾਕ ਹਾਰ ਤੋਂ ਬਾਅਦ ਬ੍ਰਿਟੇਨ ਨੇ ਅਫ਼ਗਾਨਿਸਤਾਨ ਤੇ ਕਬਜ਼ਾ ਕਰਨ ਦਾ ਇਰਾਦਾ ਤਿਆਗ ਦਿੱਤਾ ਅਤੇ ਆਪਣਾ ਧਿਆਨ ਪਸ਼ਤੂਨ ਇਲਾਕੇ ਨੂੰ ਵੱਧ ਤੋਂ ਵੱਧ ਆਪਣੇ ਕੰਟਰੋਲ ਵਿਚੱ ਕਰਨ ਲਈ ਲਗਾਉਣਾ ਸ਼ੁਰੂ ਕਰ ਦਿੱਤਾ। ਪਰ ਪਸ਼ਤੂਨ ਲੋਕਾਂ ਨੇ ਕਦੇ ਗੁਲਾਮ ਰਹਿਣਾ ਸਿੱਖਿਆ ਹੀ ਨਹੀਂ ਸੀ, ਸਿੱਟੇ ਵਜੋਂ ਅੰਗਰੇਜ਼ਾਂ ਨੂੰ ਪਸ਼ਤੂਨਾਂ ਦੇ ਤਕੜੇ ਵਿਰੋਧ ਅਤੇ ਤਿੱਖੀਆਂ, ਲਗਾਤਾਰ ਹੋਣ ਵਾਲੀਆਂ ਬਗਾਵਤਾਂ ਦਾ ਸਾਹਮਣਾ ਕਰਨਾ ਪਿਆ। ਹਾਲਤ ਇਹ ਸੀ ਕਿ ਬ੍ਰਿਟੇਨ ਨੂੰ 1849-1908 ਦੇ ਸਮੇਂ ਵਿੱਚ ਪਸ਼ਤੂਨਾਂ ਖਿਲਾਫ਼ 62 ਫੌਜੀ ਮੁਹਿੰਮਾਂ ਭੇਜਣੀਆਂ ਪਈਆਂ ਪਰ ਪਸ਼ਤੂਨਾਂ ਦੀਆਂ ਬਗਾਵਤਾਂ ਲਗਾਤਾਰ ਜਾਰੀ ਰਹੀਆਂ। ਭਾਵੇਂ ਉਹਨਾਂ ਨੂੰ ਬ੍ਰਿਟੇਨ ਫੌਜੀ ਤਾਕਤ ਅੱਗੇ ਸਮੇਂ ਸਮੇਂ ਝੁਕਣਾ ਪਿਆ, ਪਰ ਉਹਨਾਂ ਨੇ ਲੜਾਈ ਕਦੇ ਬੰਦ ਨਹੀਂ ਕੀਤੀ। ਬ੍ਰਿਟਿਸ਼ ਫੌਜੀ ਟੁਕੜੀਆਂ ਨਾਲ਼ ਝੜਪਾਂ ਤੇ ਬ੍ਰਿਟਿਸ਼ ਫੌਜ ਵੱਲੋਂ ਉਹਨਾਂ ਦੇ ਪਿੰਡਾਂ ਨੂੰ ਸਾੜਨਾ, ਤਬਾਹ ਕਰਨਾ ਇੱਕ ਤਰ੍ਹਾਂ ਨਾਲ਼ ਪਸ਼ਤੂਨ ਇਲਾਕੇ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ।
ਇਸੇ ਸਮੇਂ ਦੌਰਾਨ 1878-1880 ਵਿੱਚ ਦੂਜੀ ਅੰਗਰੇਜ਼-ਅਫ਼ਗਾਨ ਜੰਗ ਲੜੀ ਗਈ। ਅੰਗਰੇਜ਼ਾਂ ਨੇ ਇਸ ਵਾਰ ਵੀ ਆਪਣੇ 40,000 ਫੌਜੀਆਂ ਨਾਲ਼ ਆਸਾਨੀ ਨਾਲ਼ ਕਾਬੁਲ 'ਤੇ ਕਬਜ਼ਾ ਜਮਾ ਲਿਆ। ਪੂਰੇ ਦੇਸ਼ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਜਾਣ ਤੋਂ ਬਚਾਉਣ ਲਈ ਉਸ ਸਮੇਂ ਦੇ ਅਫ਼ਗਾਨਿਸਤਾਨ ਦੇ ਹਾਕਮ ਮੁਹੰਮਦ ਯਾਕੂਬ ਖਾਨ ਨੇ ਅੰਗਰੇਜ਼ਾਂ ਨਾਲ਼ ਸੰਧੀ ਕਰ ਲਈ ਅਤੇ ਕੋਇਟਾ ਸ਼ਹਿਰ ਸਣੇ ਕਾਫ਼ੀ ਇਲਾਕਾ ਅੰਗਰੇਜ਼ਾਂ ਦੇ ਅਧਿਕਾਰ ਹੇਠ ਆ ਗਿਆ ਤੇ ਅੰਗਰੇਜ਼ਾਂ ਦਾ ਪ੍ਰਭਾਵ ਖੇਤਰ ਖੈਬਰ ਤੇ ਮਿਚਨੀ ਦੱਰਿਆਂ ਤੱਕ ਪਹੁੰਚ ਗਿਆ। ਆਪਣੇ ਨੁਮਾਇੰਦਿਆਂ ਨੂੰ ਕਾਬੁਲ ਬਿਠਾ ਕੇ ਬ੍ਰਿਟੇਨ ਨੇ ਬਹੁਤੀ ਫੌਜ ਵਾਪਸ ਬੁਲਾ ਲਈ। ਪਰ ਸਤੰਬਰ, 1879 ਵਿੱਚ ਕਾਬੁਲ ਵਿੱਚ ਹੋਈ ਬਗਾਵਤ ਦੌਰਾਨ ਅੰਗਰੇਜ਼ ਨੁਮਾਇੰਦਿਆਂ ਨੂੰ ਮਾਰ ਦਿੱਤਾ ਗਿਆ। ਸਿੱਟੇ ਵਜੋਂ ਬ੍ਰਿਟੇਨ ਦੀ ਫੌਜ ਇੱਕ ਵਾਰ ਫੇਰ ਕਾਬੁਲ ਜਾ ਧਮਕੀ, ਇਸ ਵਾਰ ਅਬਦੁਰ ਰਹਿਮਾਨ ਖਾਨ ਨੂੰ ਤਖ਼ਤ ਤੇ ਬਿਠਾਇਆ ਗਿਆ ਅਤੇ ਅਫ਼ਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਦਾ ਕੰਟਰੋਲ ਬ੍ਰਿਟੇਨ ਨੇ ਆਪਣੇ ਹੱਥ ਲੈ ਲਿਆ।
ਅਗਲੇ ਦਹਾਕੇ ਦੌਰਾਨ ਬ੍ਰਿਟੇਨ ਪਸ਼ਤੂਨ ਇਲਾਕੇ ਵਿੱਚ ਬੁਰੀ ਤਰ੍ਹਾਂ ਉਲਝਿਆ ਰਿਹਾ। ਇਸ ਰਾਜਨੀਤਕ ਤੇ ਫੌਜੀ ਮਹੱਤਤਾ ਵਾਲੇ ਇਲਾਕੇ ਵਿੱਚ ਆਪਣੇ ਪੈਰ ਪੱਕੇ ਕਰਨ ਲਈ ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਵੰਡਣ ਅਤੇ 'ਬ੍ਰਿਟਿਸ਼ ਇੰਡੀਆ' ਤੇ ਅਫ਼ਗਾਨਿਸਤਾਨ ਵਿਚਕਾਰ ਸਰਹੱਦ ਖਿੱਚਣ ਦੀ ਯੋਜਨਾ ਬਣਾਈ। ਅੰਗਰੇਜ਼ਾਂ ਨੇ ਹੈਨਰੀ ਮੋਰਟੀਮੇਰ ਡਿਊਰੈਂਡ ਦੀ ਅਗਵਾਈ 'ਚ ਇੱਕ ਵਫਦ ਅਫ਼ਗਾਨਿਸਤਾਨ ਭੇਜਿਆ ਅਤੇ ਅਬਦੁਰ ਰਹਿਮਾਨ ਖਾਨ ਨੂੰ ਇੱਕ ਸਮਝੌਤੇ 'ਤੇ ਸਹੀ ਪਾਉਣ ਲਈ ਮਜਬੂਰ ਕੀਤਾ। 1893 ਵਿੱਚ ਸਹੀ ਪੈਣ ਤੋਂ ਬਾਅਦ 1894 ਵਿੱਚ ਲਗਭਗ 2640 ਕਿ. ਮੀ. ਲੰਬੀ ਸਰਹੱਦ ਪਸ਼ਤੂਨ ਇਲਾਕੇ ਵਿੱਚ ਖਿੱਚ ਦਿੱਤੀ ਗਈ ਅਤੇ ਸਦੀਆਂ ਤੋਂ ਇਕੱਠੇ ਰਹਿ ਰਹੇ ਪਸ਼ਤੂਨ ਲੋਕਾਂ ਨੂੰ ਵੰਡ ਦਿੱਤਾ ਗਿਆ। ਇਸ ਦੇ ਸਿੱਟੇ ਵਜੋਂ ਪਸ਼ਤੂਨ ਇਲਾਕੇ ਵਿੱਚ ਵਿਆਪਕ ਰੋਸ ਫੈਲ ਗਿਆ। ਪਹਿਲਾਂ ਹੀ ਲਗਾਤਾਰ ਸੰਘਰਸ਼ ਕਰ ਰਹੇ ਪਸ਼ਤੂਨ ਕਬੀਲਿਆਂ ਦੀ ਅੰਗਰੇਜ਼ਾਂ ਖਿਲਾਫ ਲੜਾਈ ਹੋਰ ਵੀ ਤਿੱਖੀ ਹੋ ਗਈ। ਬਗਾਵਤਾਂ ਪਹਿਲਾਂ ਨਾਲੋਂ ਵੱਧ ਵਿਆਪਕ ਪੱਧਰ 'ਤੇ ਹੋਣ ਲੱਗੀਆਂ।
ਇਹਨਾਂ ਬਗਾਵਤਾਂ ਨੂੰ ਦਬਾਉਣ ਲਈ ਅੰਗਰੇਜ਼ ਹਕੂਮਤ ਨੂੰ ਬਹੁਤ ਸਾਰੀਆਂ ਫੌਜੀ ਮੁਹਿੰਮਾਂ ਪਸ਼ਤੂਨ ਇਲਾਕੇ ਵਿੱਚ ਭੇਜਣੀਆਂ ਪਈਆਂ ਜਿਨ੍ਹਾਂ ਵਿੱਚ ਮੁੱਖ ਹਨ - ਹਸਨਜਾਈ ਮੁਹਿੰਮ 1894, ਦੀਰ ਤੇ ਚਿਤਰਲ ਮੁਹਿੰਮਾਂ 1895, ਪਹਿਲੀ ਮੁਹਮੰਦ ਮੁਹਿੰਮ 1897-98, ਤਿਰਾਹ ਮੁਹਿੰਮ 1897 ਅਤੇ ਮਹਿਸੂਦ-ਵਜ਼ੀਰੀ ਮੁਹਿੰਮ 1897। ਬ੍ਰਿਟੇਨ ਦੀ ਸਾਮਰਾਜੀ ਹਕੂਮਤ ਦੀ ਇਸ ਹਮਲਾਵਰ ਨੀਤੀ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਅਤੇ 1897 ਵਿੱਚ ਮਾਲਾਕੰਦ ਤੋਂ ਵਜ਼ੀਰਿਸਤਾਨ ਤੱਕ, ਪੂਰੇ ਦਾ ਪੂਰਾ ਸਰਹੱਦੀ ਇਲਾਕਾ ਵਿਦਰੋਹ ਵਿੱਚ ਉੱਠ ਖੜ੍ਹਾ ਹੋਇਆ। ਇਸ ਬਗਾਵਤ ਨੂੰ ਦਬਾਉਣ ਲਈ ਅੰਗਰੇਜ਼ ਹਕੂਮਤ ਨੇ ਜੰਗੀ ਸਾਜੋ ਸਮਾਨ ਨਾਲ਼ ਲੈੱਸ ਲਗਭਗ ਇੱਕ ਲੱਖ ਫੌਜੀਆਂ, ਜਿਹਨਾਂ ਵਿੱਚ ਬਹੁਤੇ ਭਾਰਤੀ ਸਨ, ਨੂੰ ਪਸ਼ਤੂਨ ਇਲਾਕੇ ਵਿੱਚ ਭੇਜਿਆ। 1897 ਦੇ ਇਸੇ ਵਿਦਰੋਹ ਦੌਰਾਨ ਹੀ ਸਾਰਾਗੜ੍ਹੀ ਦੀ ਲੜਾਈ ਹੋਈ, ਜਦੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ਼ ਪਸ਼ਤੂਨ ਇਲਾਕੇ ਦੇ ਕਬਾਇਲੀ ਲੋਕ ਇੱਕ ਜੁੱਟ ਹੋ ਕੇ ਬਗਾਵਤਾਂ ਕਰ ਰਹੇ ਸਨ ਅਤੇ ਸਾਮਰਾਜੀ ਹਮਲਾਵਰ ਬ੍ਰਿਟੇਨ ਉਹਨਾਂ ਦੀ ਬਗਾਵਤ ਨੂੰ ਕੁਚਲਣ ਲਈ ਪੂਰਾ ਤਾਣ ਲਾ ਰਿਹਾ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬ੍ਰਿਟਿਸ਼ ਰਾਜ ਸਮੇਂ ਭਾਰਤ ਦਾ ਸਿਰਫ਼ ਇਹੀ ਇੱਕ ਇਲਾਕਾ ਸੀ ਜਿਸ ਨੇ ਅੰਗੇਰਜ਼ਾਂ ਦੀ ਕਦੇ ਵੀ ਗੁਲਾਮੀ ਨਹੀਂ ਮੰਨੀ, ਫੌਜੀ ਤੇ ਆਰਥਿਕ ਤੌਰ 'ਤੇ ਬਹੁਤ ਮਾੜੇ ਹਾਲਾਤਾਂ ਤੇ ਪਿਛੜੇ ਹੋਣ ਦੇ ਬਾਵਜੂਦ ਵੀ ਅੰਗਰੇਜ਼ਾਂ ਨੂੰ ਆਪਣੇ ਇਲਾਕੇ ਵਿੱਚ ਇੱਕ ਦਿਨ ਵੀ ਚੈਨ ਨਾਲ਼ ਰਹਿਣ ਨਹੀਂ ਦਿੱਤਾ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪਸ਼ਤੂਨ ਲੋਕਾਂ ਦੇ ਵਿਦਰੋਹਾਂ ਨੂੰ ਦਬਾਉਣ ਤੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਵਿੱਚ ਕਿਸੇ ਹੋਰ ਨੇ ਨਹੀਂ ਸਗੋਂ, ਖੁਦ ਬ੍ਰਿਟੇਨ ਦੇ ਗੁਲਾਮ ਭਾਰਤੀ ਫੌਜੀਆਂ ਖਾਸ ਕਰਕੇ ਸਿੱਖ ਰੈਂਜਮੈਂਟ, ਪੰਜਾਬ ਤੇ ਬੰਗਾਲ ਰੈਜਮੈਂਟ ਦੇ ਫੌਜੀਆਂ ਨੇ ਸਾਮਰਾਜੀਆਂ ਦੀ ਸਭ ਤੋਂ ਵੱਧ ਸੇਵਾ ਕੀਤੀ।

ਸਾਰਾਗੜ੍ਹੀ ਦੀ ਲੜਾਈ
ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਉੱਤਰ-ਪੱਛਮੀ ਸਰਹੱਦੀ ਸੂਬੇ (ਅੱਜ ਕਲ੍ਹ ਪਾਕਿਸਤਾਨ ਵਿੱਚ) ਦੇ 'ਤਿਰਾਹ' ਖਿਤੇ ਵਿੱਚ ਹਿੰਦੂਕੁਸ਼-ਸੁਲੇਮਾਨ ਪਰਬਤਮਾਲਾ ਦੀ 'ਸਾਮਾਨਾ ਚੜ੍ਹਾਈ' ਤੇ ਹੋਈ। ਇਹ ਲੜਾਈ ਬ੍ਰਿਟਿਸ਼ ਸਾਮਰਾਜੀ ਹਕੂਮਤ ਦੁਆਰਾ 1897 ਵਿੱਚ ਪਸ਼ਤੂਨ ਇਲਾਕਿਆਂ ਵਿੱਚ ਫੈਲੀ ਵਿਆਪਕ ਬਗਾਵਤ ਨੂੰ ਦਬਾਉਣ ਲਈ ਵਿੱਢੀ ਫੌਜੀ ਮੁਹਿੰਮ ਦਾ ਹਿੱਸਾ ਸੀ।
ਇਸ ਇਲਾਕੇ ਵਿੱਚ ਆਪਣੀ ਪੋਜ਼ੀਸ਼ਨ ਪੱਕੀ ਕਰਨ ਲਈ ਅੰਗਰੇਜ਼ਾਂ ਨੇ ਬਹੁਤ ਸਾਰੇ ਕਿਲੇ ਬਣਾਏ ਅਤੇ ਨਾਲ਼ ਨਾਲ਼ ਮਹਾਰਾਜਾ ਰਣਜੀਤ ਸਿੰਘ ਦੇ ਪਸ਼ਤੂਨ ਇਲਾਕੇ ਵਿੱਚ ਕਬਜ਼ੇ ਦੌਰਾਨ ਬਣਾਏ ਗਏ ਕਿਲ੍ਹਿਆਂ ਨੂੰ ਮੁੜ ਤੋਂ ਮਜਬੂਤ ਕੀਤਾ। ਇਹਨਾਂ ਕਿਲ੍ਹਿਆਂ ਵਿੱਚੋਂ ਹੀ ਦੋ ਕਿਲ੍ਹੇ - 'ਕਿਲ੍ਹਾ ਲਾਕਹਾਰਟ' ਤੇ 'ਕਿਲ੍ਹਾ ਗੁਲਿਸਤਾਨ' ਹਿੰਦੂਕੁਸ਼-ਸੁਲੇਮਾਨ ਪਰਬਤਮਾਲਾ ਦੀ 'ਸਾਮਾਨਾ ਚੜਾਈ' ਤੇ ਸਥਿਤ ਸਨ। ਇਹਨਾਂ ਕਿਲ੍ਹਿਆਂ ਦੀ ਭੂਗੋਲਿਕ ਸਥਿਤੀ ਕੁਝ ਇਸ ਤਰ੍ਹਾਂ ਸੀ ਕਿ ਉਹ ਇੱਕ ਦੂਸਰੇ ਤੋਂ ਸਿੱਧੇ ਦਿਖਾਈ ਨਹੀਂ ਦਿੰਦੇ ਸਨ। ਇਸ ਲਈ ਇਹਨਾਂ ਵਿੱਚ 'ਹੀਲੀਓਗਰਾਫ' (8eliograph) ਦੁਆਰਾ ਸੰਪਰਕ ਸਥਾਪਤ ਕਰਨ ਲਈ ਸਾਰਾਗੜ੍ਹੀ ਨਾਂ ਦੀ ਛੋਟੀ ਪੋਸਟ ਕਾਇਮ ਕੀਤੀ ਗਈ। ਇਹਨਾਂ ਦੋ ਕਿਲ੍ਹਿਆਂ ਅਤੇ ਸਾਰਾਗੜ੍ਹੀ ਦੀ ਹਿਫ਼ਾਜਤ ਦੀ ਜ਼ਿੰਮੇਵਾਰੀ 36ਵੀਂ ਸਿੱਖ ਰੈਜਮੈਂਟ ਦੇ ਸਿਰ ਸੀ, ਜਿਹਨਾਂ ਦਾ ਕਮਾਡਿੰਗ ਅਫ਼ਸਰ ਲੈਫਟੀਨੈਟ ਕਰਨਲ ਹਾਊਟਨ ਸੀ।
1897 ਦੇ ਵਿਦਰੋਹ ਸਮੇਂ ਤਿਰਾਹ ਖਿੱਤੇ ਵਿੱਚ ਰਹਿਣ ਵਾਲੇ 'ਅਫ਼ਰੀਦੀ' ਤੇ 'ਓਰਾਕਾਜ਼ਾਈ' ਕਬੀਲਿਆਂ ਨੇ ਵੀ ਬ੍ਰਿਟਿਸ਼ ਦਾਬੇ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਅਤੇ ਉਹ ਬ੍ਰਿਟਿਸ਼ ਫੌਜੀ ਇਲਾਕਿਆਂ ਤੇ ਹਮਲਾ ਕਰਨ ਲੱਗੇ। ਪਹਿਲਾਂ ਉਹਨਾਂ ਨੇ 'ਕਿਲ੍ਹਾ ਗੁਲਿਸਤਾਨ' 'ਤੇ ਹਮਲਾ ਕੀਤਾ ਪਰ ਨਾਕਾਮ ਰਹੇ। 12 ਸਤੰਬਰ, 1897 ਲਗਭਗ 10,000 ਪਸ਼ਤੂਨਾਂ ਨੇ ਸਾਰਾਗੜ੍ਹੀ ਪੋਸਟ ਨੂੰ ਘੇਰਾ ਪਾ ਲਿਆ ਅਤੇ ਉਸ ਨੂੰ ਨੇੜੇ ਦੇ ਦੋ ਕਿਲ੍ਹਿਆਂ ਤੋਂ ਕੋਈ ਵੀ ਮੱਦਦ ਮਿਲਣੀ ਅਸੰਭਵ ਬਣਾ ਦਿੱਤੀ। ਸਾਰਾਗੜ੍ਹੀ ਦੀ ਪੋਸਟ ਅੰਦਰ ਰੁਕੇ ਹੋਏ 36ਵੀਂ ਸਿੱਖ ਰੈਜਮੈਂਟ ਦੇ 21 ਫੌਜੀਆਂ ਨੇ 6 ਘੰਟੇ ਤੱਕ ਪਸ਼ਤੂਨਾਂ ਨੂੰ ਅੰਦਰ ਦਾਖਲ ਹੋਣੋਂ ਰੋਕੀ ਰੱਖਿਆ। 6 ਘੰਟੇ ਬਾਅਦ ਪਸ਼ਤੂਨ ਕਬਾਇਲੀ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ ਅਤੇ ਸਾਰੇ ਦੇ ਸਾਰੇ 21 ਬ੍ਰਿਟਿਸ਼ ਭਾਰਤੀ ਫੌਜੀ ਅੰਗਰੇਜ਼ਾਂ ਪ੍ਰਤੀ ਆਪਣੀ ਵਫਾਦਾਰੀ ਦਿਖਾਉਂਦੇ ਹੋਏ ਮਾਰੇ ਗਏ। ਪਸ਼ਤੂਨ ਕਬਾਇਲੀਆਂ ਦੀ ਮੌਤਾਂ ਦੀ ਗਿਣਤੀ ਬਾਰੇ ਕਾਫੀ ਭੰਬਲਭੂਸਾ ਹੈ ਆਮ ਤੌਰ 'ਤੇ ਇਹ ਅੰਕੜਾ 600-1400 ਦੇ ਵਿਚਕਾਰ ਸਮਝਿਆ ਜਾਂਦਾ ਹੈ, ਪਰ ਕੁਝ ਅਨੁਸਾਰ ਇਹ 180 ਹੈ। ਕੁਝ ਵੀ ਹੋਵੇ, ਇਸ ਨਾਲ਼ ਲੜਾਈ ਦੇ ਸਾਮਰਾਜੀ ਖਾਸੇ ਤੇ ਪਸ਼ਤੂਨ ਕਬਾਇਲੀਆਂ ਦੇ ਗੁਲਾਮੀ ਖਿਲਾਫ਼ ਸੰਘਰਸ਼ ਨੂੰ ਕੋਈ ਫਰਕ ਨਹੀਂ ਪੈਂਦਾ।
ਇਸ ਲੜਾਈ ਤੋਂ ਬਾਅਦ 'ਤਿਰਾਹ' ਇਲਾਕੇ ਵਿੱਚ ਪਸ਼ਤੂਨਾਂ ਦੀ ਬਗਾਵਤ ਦਬਾਉਣ ਲਈ ਅੰਗਰੇਜ਼ ਸਾਮਰਾਜੀਆਂ ਨੂੰ 50,000 ਦੀ ਵੱਡੀ ਫੌਜ ਭੇਜੀ ਜਿਸ ਵਿੱਚ ਬਹੁਗਿਣਤੀ ਇੱਕ ਵਾਰ ਫਿਰ ਬ੍ਰਿਟਿਸ਼-ਭਾਰਤੀ ਫੌਜੀਆਂ ਦੀ ਹੀ ਸੀ, ਜੋ ਕਿ ਭਾਰਤ ਵਿੱਚ ਬ੍ਰਿਟਿਸ਼ ਫੌਜ ਦਾ ਖਾਸਾ ਸੀ। ਅੰਤ ਪਸ਼ਤੂਨਾਂ ਦੀ ਬਗਾਵਤ ਨੂੰ ਖੂਨ ਵਿੱਚ ਡੋਬ ਦਿੱਤਾ ਗਿਆ, ਜਿਸ ਦਾ ਸਿਹਰਾ ਕਿਸੇ ਹੋਰ ਸਿਰ ਨਹੀਂ, ਸਗੋਂ ਬ੍ਰਿਟਿਸ਼ ਭਾਰਤੀ ਫੌਜੀਆਂ ਦੀ ਅੰਗਰੇਜ਼ ਲੁਟੇਰਿਆਂ ਪ੍ਰਤੀ ਵਫਾਦਾਰੀ ਸਿਰ ਵੱਜਿਆ।

ਹਰ ਲੜਾਈ ਵਿੱਚ ਸ਼ਾਮਲ ਧਿਰਾਂ ਦਾ ਲੜਾਈ ਨੂੰ ਦੇਖਣ ਦਾ ਨਜ਼ਰੀਆ ਅਤੇ ਬਹਾਦਰੀ ਦੇ ਮਾਪਦੰਡ ਆਪਣੇ-ਆਪਣੇ ਹਿੱਤਾਂ ਦੇ ਅਨੁਸਾਰੀ ਹੁੰਦੇ ਹਨ। ਲੜਾਈ ਵਿੱਚ ਹਮਲਾਵਰ ਧਿਰ ਦੇ ਆਪਣੇ ਹਿੱਤ ਹੁੰਦੇ ਹਨ ਅਤੇ ਦੂਸਰੀ ਧਿਰ ਦੇ ਆਪਣੇ। ਇੱਥੇ ਅਸੀਂ ਦੇਖਦੇ ਹਾਂ ਅੰਗਰੇਜ਼ ਸਾਮਰਾਜੀ ਗਿਰੋਹ ਦਾ ਮੁੱਖ ਉਦੇਸ਼ ਪਸ਼ਤੂਨਾਂ ਨੂੰ ਕੰਟਰੋਲ ਕਰਨਾ ਤੇ ਗੁਲਾਮ ਬਣਾ ਕੇ ਰੱਖਣਾ ਸੀ ਤਾਂ ਕਿ ਉਹ ਭਾਰਤ ਵਿੱਚ ਆਪਣੀ ਬਸਤੀਵਾਦੀ ਬਰਬਰ ਲੁੱਟ ਨੂੰ ਸੰਭਾਵਿਤ ਰੂਸੀ ਖ਼ਤਰੇ ਤੋਂ ਬਚਾ ਕੇ ਰੱਖ ਸਕੇ। ਦੂਸਰੀ ਧਿਰ ਪਸ਼ਤੂਨ ਕਬਾਇਲੀ ਲੋਕਾਂ ਦੀ ਸੀ ਜੋ ਬ੍ਰਿਟਿਸ਼ ਹਮਲਾਵਰ ਤੇ ਬਰਬਰ ਨੀਤੀਆਂ ਖਿਲਾਫ਼ ਲਗਾਤਾਰ ਸੰਘਰਸ਼ ਕਰ ਰਹੀ ਸੀ ਤੇ ਆਪਣੀ ਮਾਤ-ਭੂਮੀ ਦੀ ਰੱਖਿਆ ਲਈ ਲੜ ਰਹੀ ਸੀ। ਇਹਨਾਂ ਧਿਰਾਂ ਵਿੱਚੋਂ ਗੁਲਾਮ ਭਾਰਤ ਵਾਸੀਆਂ ਦੀ ਹਮਦਰਦੀ ਕਿਸ ਨਾਲ਼ ਹੋਣੀ ਚਾਹੀਦੀ ਹੈ, ਕੋਈ ਔਖਾ ਸਵਾਲ ਨਹੀਂ ਹੈ, ਬਿਨਾਂ ਸ਼ੱਕ ਪਸਤੂਨ ਲੋਕਾਂ ਨਾਲ਼ ਕਿਉਂਕਿ ਦੋਵਾਂ ਦਾ ਇਕੋ ਸਾਂਝਾ ਦੁਸ਼ਮਣ ਬ੍ਰਿਟਿਸ਼ ਸਾਮਰਾਜੀ ਹਕੂਮਤ ਸੀ। ਪਰ ਸਾਡੇ ਬੁੱਧੀਜੀਵੀਆਂ, ਖਾਸ ਕਰਕੇ ਸਿੱਖ ਬੁੱਧੀਜੀਵੀਆਂ ਅਤੇ ਕਾਲੇ ਅੰਗਰੇਜ਼ਾਂ ਨੇ ਇਸ ਇਤਿਹਾਸ ਨੂੰ ਤੋੜ-ਮਰੋੜ ਕੇ ਕੀ ਨਤੀਜੇ ਕੱਢੇ ਤੇ ਭਾਰਤ ਦੇ ਲੋਕਾਂ ਨੂੰ ਵਫਾਦਾਰੀ ਦੇ ਕੀ-ਕੀ ਪਾਠ ਪੜਾਏ, ਉਹਨਾਂ ਦੀ ਪੁਣਛਾਣ ਅਸੀਂ ਲੇਖ ਦੇ ਇਸ ਹਿੱਸੇ ਵਿੱਚ ਕਰਾਂਗੇ।

ਅੰਗਰੇਜ਼ਾਂ ਵੱਲੋਂ ਸਿੱਖ ਫੌਜੀਆਂ ਦੀ 'ਬਹਾਦਰੀ' ਦਾ ਗੁਣਗਾਨ
ਭਾਰਤ ਵਰਗੇ ਵਿਸ਼ਾਲ ਮੁਲਕ ਨੂੰ ਗੁਲਾਮ ਬਣਾਈ ਰੱਖਣ ਲਈ ਤੇ ਬਸਤੀਵਾਦੀ ਲੁੱਟ ਨੂੰ ਨਿਰਵਿਘਨ ਚਲਾਉਣ ਲਈ ਭਾਰਤ ਵਿੱਚ ਅੰਗਰੇਜ਼ਾਂ ਦੀ ਗਿਣਤੀ ਸਿਰਫ਼ ਕੁਝ ਲੱਖ ਤੱਕ ਹੀ ਸੀਮਿਤ ਸੀ। ਜ਼ਾਹਿਰ ਹੈ, ਉਹਨਾਂ ਨੇ ਇਹ ਕੰਮ ਖੁਦ ਭਾਰਤੀਆਂ ਦੀ ਮੱਦਦ ਨਾਲ਼ ਹੀ ਕੀਤਾ। ਇਸ ਲਈ ਜ਼ਰੂਰੀ ਗੱਲ ਸੀ ਕਿ ਅੰਗਰੇਜ਼ ਆਪਣੇ ਹਿੱਤਾਂ ਲਈ ਲੜਨ ਵਾਸਤੇ ਭਾਰਤੀਆਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾਉਂਦੇ ਅਤੇ ਸੁਆਮੀ-ਭਗਤੀ ਪੈਦਾ ਕਰਦੇ। ਇਹੀ ਉਹਨਾਂ ਨੇ ਕੀਤਾ। ਅੰਗਰੇਜ਼ਾਂ ਦੇ ਹਿੱਤਾਂ ਲਈ ਲੜਨ ਵਾਲਿਆਂ ਤੇ ਰਾਖੀ ਕਰਨ ਵਾਲਿਆਂ ਦੀ 'ਬਹਾਦਰੀ' ਦਾ ਗੁਣਗਾਨ ਕਰਨਾ, ਮੈਡਲ ਦੇਣੇ, ਜਾਗੀਰਾਂ ਤੇ ਰਾਇ ਸਾਹਿਬੀਆਂ ਬਖਸ਼ਣੀਆਂ ਆਦਿ ਬ੍ਰਿਟਿਸ਼ ਸਾਮਰਾਜੀ ਹਕੂਮਤ ਦੇ ਸੁਆਮੀ ਭਗਤੀ ਪੈਦਾ ਕਰਨ ਦੇ ਮੁੱਖ ਹਥਿਆਰ ਰਹੇ ਹਨ। ਸਾਫ ਤੌਰ 'ਤੇ ਉਹਨਾਂ ਲਈ ਸਿਰਫ਼ ਉਹੀ ਬਹਾਦਰ ਸਨ ਤੇ ਸਿਰਫ਼ ਉਹਨਾਂ ਦੀ ਬਹਾਦਰੀ ਹੀ ਕੰਮ ਦੀ ਸੀ, ਜੋ ਉਹਨਾਂ ਦੇ ਹਿੱਤਾਂ ਦੇ ਲਈ ਕੰਮ ਦੀ ਸੀ।
ਸਾਰਾਗੜ੍ਹੀ ਦੇ ਮਾਮਲੇ ਵਿੱਚ ਵੀ ਕੋਈ ਅਲੱਗ ਹਾਲਾਤ ਨਹੀਂ ਸਨ। ਲੰਡਨ ਬੈਠੀ ਬ੍ਰਿਟਿਸ਼ ਪਾਰਲੀਮੈਂਟ ਨੇ ਸਾਰਾਗੜ੍ਹੀ ਦੇ ਫੌਜੀਆਂ ਨੂੰ ਖੜੇ ਹੋ ਕੇ ਸਤਿਕਾਰ ਭੇਟ ਕੀਤਾ ਤੇ ਰਾਣੀ ਵਿਕਟੋਰੀਆ ਨੇ ਫੌਜੀਆਂ ਨੂੰ 'ਇੰਡੀਅਨ ਆਰਡਰ ਆਫ਼ ਮੈਰਿਟ' ਦੇ ਕੇ ਸਨਮਾਨਿਤ ਕੀਤਾ। ਯਾਦ ਰਹੇ, ਇਹੀ ਪਾਰਲੀਮੈਂਟ ਤੇ ਰਾਣੀ, ਭਾਰਤ ਤੇ ਭਾਰਤ ਜਿਹੇ ਹੋਰ ਕਿੰਨੇ ਹੀ ਦੇਸ਼ਾਂ ਦੀ ਲੁੱਟ ਅਤੇ ਇਹਨਾਂ ਦੇਸ਼ਾਂ ਦੇ ਬਹਾਦਰ ਦੇਸ਼ ਭਗਤਾਂ ਜਿਨਾਂ ਨੇ ਸੁਆਮੀ-ਭਗਤੀ ਤੋਂ ਮਨਾ ਕਰ ਦਿੱਤਾ, ਲਈ ਮੌਤ ਦੇ ਫਰਮਾਨ ਜਾਰੀ ਕਰਦੇ ਸਨ। ਗੁਲਾਮ ਦੇਸ਼ਾਂ ਦੇ ਆਮ ਲੋਕਾਂ, ਦੇਸ਼ ਭਗਤਾਂ ਜਾਂ ਫੌਜੀਆਂ ਦੀ ਬਹਾਦਰੀ ਜਦੋਂ ਇਹਨਾਂ ਦੀ ਲੁੱਟ ਤੇ ਅੱਤਿਆਚਾਰ ਖਿਲਾਫ਼ ਭੜਕ ਉੱਠਦੀ ਸੀ ਤਾਂ ਉਸ ਦਾ ਸਤਿਕਾਰ ਤੇ ਸਨਮਾਨ ਉਵੇਂ ਹੀ ਕਰਦੇ ਸਨ ਜਿਵੇਂ ਕੂਕਾ ਵਿਦਰੋਹੀਆਂ ਦਾ ਤੋਪਾਂ ਅੱਗੇ ਬੰਨ੍ਹ ਕੇ ਹੋਇਆ, ਗ਼ਦਰ ਲਹਿਰ ਦੌਰਾਨ ਸਿੰਘਾਪੁਰ 'ਚ ਤੈਨਾਤ ਬਾਗੀ ਬ੍ਰਿਟਿਸ਼ ਭਾਰਤੀ ਫੌਜੀਆਂ ਦਾ ਜੰਗਲਾਂ ਵਿੱਚ ਲਿਜਾ ਕੇ ਗੋਲ਼ੀਆਂ ਨਾਲ਼ ਹੋਇਆ, ਗ਼ਦਰੀਆਂ ਤੇ ਭਗਤ ਸਿੰਘ ਵਰਗੇ ਬਹਾਦਰ ਨੌਜਵਾਨਾਂ ਦਾ ਫਾਂਸੀ ਦੇ ਤਖ਼ਤੇ ਨਾਲ਼।
ਸਾਰਾਗੜ੍ਹੀ ਦੇ ਫੌਜੀਆਂ ਦੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ ਆਪਣੇ ਹਿੱਤਾਂ ਲਈ ਦਿਖਾਈ 'ਬਹਾਦਰੀ' ਲਈ 50 ਏਕੜ ਜ਼ਮੀਨ ਤੇ 500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਪਰ ਇਹੀ ਅੰਗਰੇਜ਼, ਜਦੋਂ ਭਾਰਤੀ ਲੋਕਾਂ ਦੀ ਬਹਾਦਰੀ ਉਹਨਾਂ ਖਿਲਾਫ਼ ਹੁੰਦੀ ਸੀ, ਜਾਇਦਾਦਾਂ ਦੀ ਕੁਰਕੀ ਕਰਕੇ ਸੁਆਗਤ ਕਰਦੇ ਸਨ। ਸਿਰਫ਼ ਅੰਗਰੇਜ਼ਾਂ ਖਿਲਾਫ਼ ਬਹਾਦਰੀ ਦਿਖਾਉਣ ਕਰਕੇ ਹੀ ਜ਼ੁਲਮ ਨਹੀਂ ਕਰਦੇ ਸਨ, ਸਗੋਂ ਆਪਣੇ ਪਾਲ਼ੇ ਹੋਏ ਜਾਗੀਰਦਾਰਾਂ ਤੇ ਰਜਵਾੜਿਆਂ, ਰਾਜਿਆਂ ਦੇ ਨਾਲ਼ ਮਿਲ ਕੇ ਆਮ ਭਾਰਤੀ ਲੋਕਾਂ ਤੇ ਕਿਸਾਨਾਂ ਦੇ ਲਹੂ ਦੀ ਆਖਰੀ ਬੂੰਦ ਤੱਕ ਨਿਚੋੜ ਲੈਂਦੇ ਸਨ। ਇਹੀ ਅੰਗਰੇਜ਼ ਭਾਰਤੀਆਂ ਨੂੰ ਕੁੱਤਿਆਂ ਬਰਾਬਰ ਸਮਝਦੇ ਸਨ ਅਤੇ ਆਪਣੇ ਸਿਨੇਮਿਆਂ ਤੇ ਹੋਟਲਾਂ ਬਾਹਰ ਤਖ਼ਤੀ ਲਟਕਾ ਕੇ ਰੱਖਦੇ ਸਨ - ਭਾਰਤੀਆਂ ਤੇ ਕੁੱਤਿਆਂ ਲਈ ਅੰਦਰ ਆਉਣਾ ਮਨ੍ਹਾ ਹੈ।
ਇੱਕ ਕੰਮ ਹੋਰ ਜੋ ਬ੍ਰਿਟਿਸ਼ ਸਾਮਰਾਜੀ ਲੁਟੇਰੇ ਬੜੇ ਸ਼ਾਤਿਰ ਤਰੀਕੇ ਨਾਲ਼ ਕਰਦੇ ਸਨ - ਉਹ ਸੀ ਭਾਰਤ ਦੇ ਕੁਝ ਖਾਸ ਫਿਰਕਿਆਂ ਜਾਂ ਨਸਲਾਂ ਦੇ ਲੋਕਾਂ ਦੀ 'ਬਹਾਦਰੀ' (ਵਫਾਦਾਰੀ) ਦਾ ਦੂਜੇ ਫਿਰਕਿਆਂ ਦੇ ਮੁਕਾਬਲੇ ਵੱਧ 'ਗੁਣਗਾਨ', ਵੱਧ 'ਸਤਿਕਾਰ' ਤੇ ਵੱਧ 'ਸਨਮਾਨ'। ਇਸ ਤਰ੍ਹਾਂ ਨਾਲ਼ ਉਹ 'ਪਾੜੋ ਤੇ ਰਾਜ ਕਰੋ' ਦੀ ਨੀਤੀ 'ਤੇ ਚਲਦੇ ਹੋਏ ਕੁਝ ਨੂੰ ਆਪਣੇ ਚਹੇਤੇ ਬਣਾਉਣ ਦਾ ਵਿਖਾਵਾ ਕਰਦੇ ਸਨ। (ਪਰ ਇਹ ਵਿਖਾਵਾ ਇਹਨਾਂ ਦੇ 'ਚਹੇਤਿਆਂ' ਨੂੰ ਅਸਲੀ ਲੱਗਦਾ ਸੀ)। 1857 ਦੇ ਗਦਰ ਨੂੰ ਦਬਾਉਣ ਤੋਂ ਬਾਅਦ ਸਿੱਖਾਂ ਨੂੰ ਚਹੇਤੇ ਦਾ ਦਰਜਾ ਦੇਣ ਪਿੱਛੇ ਵੀ ਅੰਗਰੇਜ਼ਾਂ ਦੀ ਇਹੀ ਸ਼ਾਤਿਰ ਚਾਲ ਸੀ ਜਿਸ ਦੇ ਡੰਗੇ 'ਆਜ਼ਾਦੀ' ਦੇ 63 ਸਾਲ ਬਾਅਦ ਵੀ ਵੱਡੀ ਗਿਣਤੀ ਵਿੱਚ ਭਾਰਤ ਤੇ ਖਾਸ ਕਰ ਸਿੱਖ ਬੁੱਧੀਜੀਵੀਆਂ ਵਿੱਚ ਪਾਏ ਜਾਂਦੇ ਹਨ।
ਇੱਕ ਹੋਰ ਕੰਮ ਜੋ ਅੰਗਰੇਜ਼ ਤੇ ਹਰ ਲੋਟੂ ਨਿਜ਼ਾਮ ਜਾਂ ਉਸਦੇ ਹਮਾਇਤੀ ਕਰਦੇ ਸਨ ਤੇ ਕਰਦੇ ਹਨ, ਉਹ ਇਹ ਕਿ 'ਬਹਾਦਰੀ' ਤੇ 'ਕਰਤੱਵ ਪਾਲਣ' ਨੂੰ ਤਨਖਾਹ ਬਦਲੇ ਮਾਲਕ ਪ੍ਰਤੀ ਵਫਾਦਾਰੀ ਦਿਖਾਉਂਦੇ ਹੋਏ ਕੰਮ ਕਰਨ ਤੱਕ ਸੀਮਿਤ ਕਰ ਦੇਣਾ। ਇਹ ਧਾਰਨਾ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਦੇ ਮਨਾਂ 'ਤੇ ਬਹੁਤ ਗਹਿਰੀ ਉੱਕਰ ਦਿੱਤੀ ਹੈ। ਇਹ ਸਿਰਫ ਭਾਰਤੀਆਂ ਨਾਲ਼ ਹੀ ਨਹੀਂ ਹੋਇਆ, ਇਹ ਸਾਰੇ ਗੁਲਾਮ ਰਹੇ ਮੁਲਕਾਂ ਦੀ ਤਰਾਸਦੀ ਹੈ।

ਭਾਰਤੀ ਵਿਦਵਾਨਾਂ ਦੀ ਨਜ਼ਰ ਵਿੱਚ ਸਾਰਾਗੜ੍ਹੀ
ਅੰਗਰੇਜ਼ਾਂ ਦਾ ਗੁਲਾਮ ਹੋ ਜਾਣ ਤੋਂ ਬਾਅਦ ਭਾਰਤ ਦੇ ਵਿਕਾਸ ਦੀ ਅੰਦਰੂਨੀ ਗਤੀ ਤਹਿਸ ਨਹਿਸ ਹੋ ਗਈ ਤੇ ਭਾਰਤ ਅੰਦਰ ਯੂਰਪ ਵਾਂਗ 'ਪੁਨਰ-ਜਾਗਰਣ' ਤੇ 'ਪ੍ਰਬੋਧਨ' ਜਿਹੀਆਂ ਲਹਿਰਾਂ ਦੇ ਚੱਲਣ ਤੇ ਫੈਲਣ ਦਾ ਸਕੋਪ ਖ਼ਤਮ ਹੋ ਗਿਆ। ਅੰਗਰੇਜ਼ਾਂ ਨੇ ਭਾਰਤੀ ਰਜਵਾੜਿਆਂ ਤੇ ਜਾਗੀਰਦਾਰਾਂ ਨਾਲ਼ ਸਮਝੌਤਾ ਕਰਕੇ ਭਾਰਤੀ ਲੋਕਾਂ ਦੀ ਭਿਅੰਕਰ ਬਸਤੀਵਾਦੀ ਲੁੱਟ ਸ਼ੁਰੂ ਕਰ ਦਿੱਤੀ। ਆਪਣੀ ਇਸ ਲੁੱਟ ਦੇ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਣ ਲਈ ਹੁਣ ਉਹਨਾਂ ਨੂੰ ਕਲਰਕਾਂ ਦੀ ਲੋੜ ਸੀ। ਇਸ ਤੋਂ ਇਲਾਵਾ ਕੁਝ ਅਜਿਹੇ ਪੜ੍ਹੇ-ਲਿਖੇ ਬੇਗੈਰਤੇ ਬੌਣੇ ਕੱਦ ਦੇ ਬੁੱਧੀਜੀਵੀ ਕਿਸਮ ਦੇ ਲੋਕਾਂ ਦੀ ਵੀ ਲੋੜ ਸੀ ਜੋ ਭਾਰਤੀ ਲੋਕਾਂ ਦੇ ਮਨਾਂ ਵਿੱਚ ਅੰਗਰੇਜ਼ਪ੍ਰਸਤੀ ਨੂੰ ਡੂੰਘਾ ਵਸਾ ਸਕਣ ਤੇ ਅੰਗਰੇਜ਼ਾਂ ਦੀ ਬਿਨਾਂ ਹਿਲਜੁਲ ਕੀਤੇ ਖੋਪੇ ਬੰਨ੍ਹੇ ਊਠ ਵਾਂਗ ਗੁਲਾਮੀ ਕਰਨ ਲਈ ਤਿਆਰ ਕਰ ਸਕਣ, ਉਹਨਾਂ ਦੇ ਹਿੱਤਾਂ ਖਾਤਰ ਆਪਣੇ ਲੋਕਾਂ ਉੱਪਰ ਤੇ ਹੋਰ ਗੁਲਾਮ ਕੌਮਾਂ ਤੇ ਗੋਲ਼ੀਆਂ ਵਰਾ ਸਕਣ।
ਇਸ ਸਭ ਨੂੰ ਧਿਆਨ ਵਿੱਚ ਰੱਖ ਹੀ ਅੰਗਰੇਜ਼ਾਂ ਨੇ ਭਾਰਤ ਵਿੱਚ ਪੱਛਮੀ ਤਰਜ਼ ਦੀ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ। ਨਤੀਜੇ ਵਜੋਂ ਇਹਨਾਂ ਸਕੂਲਾਂ-ਕਾਲਜਾਂ 'ਚੋਂ ਅੰਗਰੇਜ਼ਪ੍ਰਸਤੀ ਵਿੱਚ ਸਿਰਾਂ ਤੱਕ ਡੁੱਬੇ ਕਲਰਕ ਤੇ ਬੁੱਧੀਜੀਵੀ ਪੈਦਾ ਹੋਣ ਲੱਗੇ (ਭਾਵੇਂ ਕੁਝ ਛੋਟਾਂ ਵੀ ਹਨ) ਪਰ ਉਸ ਸਮੇਂ ਪੜ੍ਹੇ ਲਿਖੇ ਤਬਕੇ ਦੇ ਬਹੁਤੇ ਲੋਕਾਂ ਦਾ ਹਾਲ ਇਹੀ ਸੀ।
ਭਾਰਤੀ ਦੀ ਪੂੰਜੀਪਤੀ ਜਮਾਤ ਵੀ ਬਸਤੀਵਾਦ ਦੇ ਗਰਭ 'ਚੋਂ ਪੈਦਾ ਹੋਈ, ਇਸ ਲਈ ਉਸ ਨੇ ਵੀ ਕੋਈ ਕੌਮੀ ਮਾਣ ਪੈਦਾ ਕਰਨ ਤੇ ਤਰਕਸ਼ੀਲ ਸੋਚ ਵਿਕਸਿਤ ਕਰਨ ਵਾਲੀ ਕੋਈ ਲਹਿਰ ਨੂੰ ਚਲਾਉਣਾ ਬਿਹਤਰ ਨਹੀਂ ਸਮਝਿਆ, ਸਗੋਂ ਉਲਟਾ ਅੰਗਰੇਜ਼ਾਂ ਦੀ ਫੌਜ ਵਿੱਚ ਰਹਿ ਕੇ ਬਗਾਵਤ ਕਰਨ ਵਾਲੇ ਫੌਜੀਆਂ ਨੂੰ ਕਰਤਵ-ਪਾਲਣ ਦਾ ਪਾਠ ਹੀ ਪੜਾਉਂਦੀ ਰਹੀ। ਹੋਣਾ ਇਹ ਚਾਹੀਦਾ ਸੀ ਕਿ ਸਾਮਰਾਜੀ ਵਿਸ਼ਵ ਯੁੱਧਾਂ ਦੌਰਾਨ ਭਾਰਤੀ ਪੂੰਜੀਪਤੀ ਜਮਾਤ ਭਾਰਤੀ ਫੌਜੀਆਂ ਨੂੰ ਬਗਾਵਤ ਲਈ ਤਿਆਰ ਕਰਦੀ ਅਤੇ ਅੰਗਰੇਜ਼ਾਂ ਖਿਲਾਫ਼ ਘਰੇਲੂ ਜੰਗ ਸ਼ੁਰੂ ਕਰ ਦਿੰਦੀ, ਪਰ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਅਤੇ ਦਬਾਅ-ਸਮਝੌਤਾ-ਦਬਾਅ ਦੀ ਨੀਤੀ ਅਪਣਾਉਂਦੀ ਹੋਈ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀਆਂ ਨੂੰ ਅੰਗਰੇਜ਼ ਫੌਜ 'ਚ ਭਰਤੀ ਹੋਣ ਲਈ ਪ੍ਰੇਰਦੀ ਰਹੀ ਤੇ ਬਦਲੇ ਵਿੱਚ ਅੰਗਰੇਜ਼ਾਂ ਤੋਂ ਕੁਝ ਰਿਆਇਤਾਂ ਦੀ ਆਸ ਕਰਦੀ ਰਹੀ। ਜਦੋਂ ਗਦਰੀ ਸੂਰਬੀਰ ਭਾਰਤ ਵਿੱਚ ਭਾਰਤੀ ਫੌਜੀਆਂ ਨੂੰ ਨਾਲ਼ ਲੈ ਕੇ ਅੰਗਰੇਜ਼ਾਂ ਦੇ ਪਿਛਵਾੜੇ ਮੋਰਚੇ ਖੋਲ੍ਹਣ ਲਈ ਭਾਰਤ ਵਿੱਚ ਕਦਮ ਧਰ ਰਹੇ ਸਨ, ਉਸੇ ਸਮੇਂ ਭਾਰਤੀ ਰਾਜੇ, ਰਜਵਾੜੇ, ਪੂੰਜੀਪਤੀ ਜਮਾਤ ਤੇ ਬਹੁਤੇਰੇ ਬੁੱਧੀਜੀਵੀ ਲੋਕ ਭਾਰਤੀਆਂ ਨੂੰ ਸਾਮਰਾਜੀਆਂ ਪ੍ਰਤੀ ਵਫਾਦਾਰੀ ਦਿਖਾਉਣ ਦੇ ਹੋਕੇ ਦੇ ਰਹੇ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਵੀ ਭਾਰਤੀ ਪੂੰਜੀਪਤੀ ਜਮਾਤ ਨੇ ਗਰਮਾ-ਗਰਮ ਨਾਹਰਿਆਂ ਤੋਂ ਸਿਵਾ ਕੁਝ ਨਹੀਂ ਕੀਤਾ ਅਤੇ ਨਾ ਹੀ ਭਾਰਤੀ ਫੌਜ ਨੂੰ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ਼ ਲੜ੍ਹਨ ਲਈ ਪ੍ਰੇਰਿਆ, ਉਲਟਾ 1946 ਦੇ ਰਾਇਲ ਨੇਵੀ ਵੱਲੋਂ ਕੀਤੇ ਵਿਦਰੋਹ ਦੌਰਾਨ ਬਾਗੀ ਫੌਜੀਆਂ ਦੀ ਨੁਕਤਾਚੀਨੀ ਕੀਤੀ ਤੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੱਕਾਰੀ ਭਰੇ ਤਰੀਕੇ ਨਾਲ਼ ਉਹਨਾਂ ਤੋਂ ਅੰਗਰੇਜ਼ਾਂ ਅੱਗੇ ਹਥਿਆਰ ਸੁੱਟਵਾ ਦਿੱਤੇ।
ਬਹੁਤੇ ਭਾਰਤੀ ਬੁੱਧੀਜੀਵੀਆਂ ਦਾ ਨਜ਼ਰੀਆ ਵੀ ਇਹੀ ਰਿਹਾ ਤੇ ਉਹ ਅੰਗਰੇਜ਼ਪ੍ਰਸਤੀ ਦਾ ਸ਼ਿਕਾਰ ਰਹੇ। ਪਹਿਲੀ ਤੇ ਦੂਜੀ ਜੰਗ ਦੌਰਾਨ ਅੰਗਰੇਜ਼ਾਂ ਦੀਆਂ ਬਸਤੀਆਂ ਲਈ ਲੜਨ ਵਾਲੇ ਬ੍ਰਿਟਿਸ਼ ਭਾਰਤੀ ਫੌਜੀ ਇਹਨਾਂ ਦੇ 'ਨਾਇਕ' ਰਹੇ ਹਨ ਅਤੇ ਆਜ਼ਾਦੀ ਤੋਂ ਬਾਅਦ ਜਦੋਂ 1946 ਦੇ ਨੇਵੀ ਵਿਦਰੋਹ ਦਾ ਆਗੂ ਮਦਨ ਸਿੰਘ ਰੋਜ਼ੀ ਰੋਟੀ ਲਈ ਦਰ-ਦਰ ਦੀ ਖਾਕ ਛਾਣ ਰਿਹਾ ਸੀ ਤਾਂ ਇਹ ਲੋਕ ਅੰਗਰੇਜ਼ ਸਾਮਰਾਜੀਆਂ ਦੇ ਤਨਖਾਹਦਾਰ ਮੁਲਾਜਮਾਂ ਦੀ 'ਬਹਾਦਰੀ' ਦੀਆਂ ਫੜ੍ਹਾਂ ਮਾਰਦੇ ਰਹੇ ਅਤੇ ਅਖ਼ਬਾਰਾਂ ਵਿੱਚ ਆਪਣੀ 'ਖੋਜੀ ਪੱਤਰਕਾਰੀ' ਦੇ ਨਮੂਨੇ ਪੇਸ਼ ਕਰਦੇ ਰਹੇ।
ਗੋਰੇ ਅੰਗਰੇਜ਼ਾਂ ਪ੍ਰਤੀ ਆਪਣੀ ਸੁਆਮੀ ਭਗਤੀ ਦੇ 'ਨੇਕ' ਗੁਣ ਦੇ ਦਰਸ਼ਨ ਭਾਰਤ ਦੇ ਬਹੁਤ ਸਾਰੇ ਵਿਦਵਾਨ/ਬੁੱਧੀਜੀਵੀ ਕਿਸੇ ਨਾ ਕਿਸੇ ਮਸਲੇ ਤੇ ਅੱਜ ਵੀ ਕਰਵਾਉਂਦੇ ਰਹਿੰਦੇ ਹਨ ਤੇ 'ਕਾਲੇ ਅੰਗਰੇਜ਼ਾਂ' ਦੀ ਖੂਬ 'ਸਾਬਾਸ਼ੀ' ਪ੍ਰਾਪਤ ਕਰਦੇ ਹਨ। ਸਾਰਾਗੜ੍ਹੀ ਦੇ ਮਸਲੇ ਵਿੱਚ ਤਾਂ ਇਹ ਕੁਝ ਜ਼ਿਆਦਾ ਹੀ ਜ਼ਾਹਿਰ ਹੁੰਦਾ ਹੈ ਖਾਸ ਕਰਕੇ ਸਿੱਖ ਵਿਦਵਾਨ ਤੇ ਬੁੱਧੀਜੀਵੀਆਂ ਵੱਲੋਂ ਅਕਸਰ ਪੰਜਾਬੀ ਅਖ਼ਬਾਰਾਂ ਵਿੱਚ ਸੁਆਮੀ ਭਗਤੀ ਦਿਖਾਉਣ ਦੀ ਹੋੜ੍ਹ ਲੱਗੀ ਰਹਿੰਦੀ ਹੈ, ਇਸ ਵਾਰ 12 ਸਤੰਬਰ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਵਿੱਚ ਭਾਰਤ ਸਰਕਾਰ ਦੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ਼੍ਰੀ ਤਰਲੋਚਨ ਸਿੰਘ ਜੀ ਵੀ ਅੰਗਰੇਜ਼ਪ੍ਰਸਤੀ ਤੇ ਗੁਲਾਮ ਮਾਨਸਿਕਤਾ ਦੀ ਨੁਮਾਇਸ਼ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਸ਼ਬਦਾਂ ਵਿੱਚ - ''ਭਾਵ ਇਹ ਕਿ ਸਿੱਖਾਂ ਦੇ ਰੋਲ ਦੀ ਆਵਾਜ਼ ਉੱਠਾ ਰਹੇ ਹਨ, ਜੋ ਉਹਨਾਂ ਨੇ ਅੰਗਰੇਜ਼ਾਂ ਲਈ ਕੁਰਬਾਨੀ ਕੀਤੀ ਸੀ।'' ਹੋਰ ਦੇਖੋ - ''ਅੰਗਰੇਜ਼ ਕੌਮ ਨੂੰ ਯਾਦ ਕਰਵਾਓ ਕਿ ਉਹਨਾਂ ਦੀ ਆਜ਼ਾਦੀ ਲਈ ਕੀ ਕੁਰਬਾਨੀਆਂ ਸਿੱਖ ਬਹਾਦਰਾਂ ਨੇ ਕੀਤੀਆਂ।'' ਪਤਾ ਨਹੀਂ ਵਿਦਵਾਨ ਸਾਹਿਬ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਅੰਗਰੇਜ਼ਾਂ ਦਾ ਗੁਲਾਮੀ ਖਿਲਾਫ਼ ਕਿਹੜਾ ਮਹਾਂ-ਸੰਘਰਸ਼ ਨਜ਼ਰੀਂ ਪੈ ਗਿਆ? ਹਾਂ, ਇਹ ਲਿਖਦੇ ਤਾਂ ਕੁਝ ਸਮਝ ਵੀ ਆਉਂਦਾ ਕਿ ''ਉਹਨਾਂ ਦੀ ਲੁੱਟ ਬਰਕਰਾਰ ਰੱਖਣ ਤੇ ਵਧਾਉਣ ਲਈ ਆਪਣੇ ਹੀ ਲੋਕਾਂ ਤੇ ਦੂਸਰੀਆਂ ਕੌਮਾਂ ਤੇ ਕਿੰਨੀਆਂ ਗੋਲ਼ੀਆਂ ਚਲਾਈਆਂ, ਕਿਵੇਂ ਆਪਣੀਆਂ ਜਾਨਾਂ ਗਵਾਈਆਂ।'' ਅੰਗਰੇਜ਼ਾਂ ਦੁਆਰਾ, ਖਾਸ ਕਰਕੇ ਸ਼ਹਿਜਾਦਾ ਚਾਰਲਸ ਦੁਆਰਾ ਸਾਰਾਗੜ੍ਹੀ ਦੇ 'ਸ਼ਹੀਦਾਂ' ਨੂੰ ਯਾਦ ਕਰਨ ਤੇ ਸਿੱਖਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ 'ਚਰਨ' ਪਾਉਣ ਨਾਲ਼ ਸ਼੍ਰੀ ਤਰਲੋਚਨ ਸਿੰਘ ਅਨੁਸਾਰ ''ਸਿੱਖਾਂ ਦਾ ਮਾਣ ਵਧੇਗਾ'' ਤੇ ''ਸਾਡੇ ਨੌਜਵਾਨ ਬੱਚਿਆਂ ਦਾ ਹੌਂਸਲਾ ਵਧੇਗਾ।'' ਇਹ ਹਾਲਤ ਹੈ ਸਾਡੇ ਬੁੱਧੀਜੀਵੀਆਂ ਦੀ। ਇਸੇ ਲੇਖ ਦੇ ਉੱਪਰ ਛਪੇ ਇਕ ਹੋਰ ਲੇਖ ਦਾ ਵੀ ਇਹੀ ਹਾਲ ਹੈ, ਜੋ ਕਿ ਅਖ਼ਬਾਰ ਅਨੁਸਾਰ ਸਾਰਾਗੜ੍ਹੀ ਵਿੱਚ ਬ੍ਰਿਟਿਸ਼ ਭਾਰਤੀ ਫੌਜੀਆਂ ਦੀ ਟੁਕੜੀ ਦੇ ਲੀਡਰ ਹਵਾਲਦਾਰ ਈਸ਼ਰ ਸਿੰਘ ਦੇ ਪੜਪੋਤੇ ਦਾ ਲਿਖਿਆ ਹੋਇਆ ਹੈ। ਇਹਨਾਂ ਦੀ ਸਮਝ ਦੇ ਆਦਮੀ ਉਦੋਂ ਵਾਰੇ-ਵਾਰੇ ਜਾਂਦਾ ਹੈ ਜਦੋਂ ਇਹਨਾਂ ਨੂੰ ਬਿਲਕੁਲ ਬ੍ਰਿਟਿਸ਼ ਸਾਮਰਾਜੀ ਗੱਲਾਂ ਕਰਦੇ ਹੋਏ ਦੇਖਦਾ ਹੈ। ਆਦਮੀ ਹੈਰਾਨ ਹੁੰਦਾ ਹੈ ਕਿ ਇਕ ਗੁਲਾਮ ਦੇਸ਼ ਦੇ ਲੋਕਾਂ ਦੇ ਅਤੇ ਗੁਲਾਮ ਕਰਨ ਵਾਲੇ ਮੁਲਕ ਦੇ ਹਿੱਤ ਕਿਵੇਂ ਸਾਂਝੇ ਹੋ ਸਕਦੇ ਹਨ ਅਤੇ ਜਦੋਂ ਸਾਮਰਾਜੀ ਬ੍ਰਿਟੇਨ ਭਾਰਤ ਦੇ ਕਿਸੇ ਹਿੱਸੇ 'ਤੇ ਹਮਲਾ ਕਰਦਾ ਹੈ ਜਾਂ ਉੱਥੇ ਉੱਠੀ ਬਗਾਵਤ ਨੂੰ ਦਬਾਉਣ ਲਈ ਸਾਮਰਾਜੀ ਲੜਾਈਆਂ ਲੜਦਾ ਹੈ ਤਾਂ ਉਸ ਲੜਾਈ ਪ੍ਰਤੀ ਨਜ਼ਰੀਆ, ਹਮਦਰਦੀ, ਬਹਾਦਰੀ ਤੇ ਕਰਤਵ-ਪਾਲਣ ਦੇ ਮਾਪਦੰਡ ਇੱਕ ਭਾਰਤੀ ਨਾਗਰਿਕ ਤੇ ਭਾਰਤੀਆਂ 'ਤੇ ਬਰਬਰ ਜੁਲਮ ਕਰਨ ਵਾਲੀ ਬ੍ਰਿਟਿਸ਼ ਹਕੂਮਤ ਦੇ ਲਈ ਇੱਕ ਹੀ ਕਿਵੇਂ ਹੋ ਸਕਦੇ ਹਨ? ਪਰ ਸਾਡੇ ਦੇਸ਼ ਵਿੱਚ ਕਿਸੇ ਗੱਲ ਬਾਰੇ ਸੋਚਣ ਦਾ ਰਿਵਾਜ ਘੱਟ ਹੀ ਹੈ, ਇਸ ਲਈ ਹੈਰਾਨੀ ਥੋੜ੍ਹੀ ਘੱਟ ਜਾਂਦੀ ਹੈ।
ਪੂਰੇ ਘਟਨਾਕ੍ਰਮ ਨੂੰ ਸਮੁੱਚ 'ਚ ਰੱਖ ਕੇ ਦੇਖਣ ਤੋਂ ਬਿਨਾਂ ਹੀ, ਸਾਡੇ ਵਿਦਵਾਨ ਖਾਸ ਕਰਕੇ ਸਿੱਖ ਵਿਦਵਾਨ ਹਿੱਕ ਚੌੜੀ ਕਰਕੇ ਆਖਦੇ ਹਨ ਕਿ ਅੰਗਰੇਜ਼ਾਂ ਨੇ ਸਾਰਾਗੜ੍ਹੀ ਦੇ 'ਸ਼ਹੀਦਾਂ' ਦੀ ਯਾਦ ਵਿੱਚ ਸਾਰਾਗੜ੍ਹੀ ਦੀ ਲੜਾਈ ਵਾਲੀ ਥਾਂ ਉੱਪਰ ਯਾਦਗਾਰ ਸਥਾਪਤ ਕੀਤੀ। ਆਓ, ਦੇਖੀਏ, ਅੰਗਰੇਜ਼ਾਂ ਨੇ ਇਸ ਪੱਥਰ ਉੱਪਰ ਕੀ ਲਿਖਿਆ -
''ਭਾਰਤ ਸਰਕਾਰ ਨੇ ਇਹ ਸ਼ਿਲਾਲੇਖ ਬੰਗਾਲ ਇਨਫੈਂਟਰੀ ਦੀ 36ਵੀਂ ਸਿੱਖ ਰੈਜਮੈਂਟ ਦੇ 21 ਨਾਨ-ਕਮਿਸ਼ਨਡ ਅਫ਼ਸਰਾਂ ਤੇ ਸਿਪਾਹੀਆਂ ਦੀ ਯਾਦ ਵਿੱਚ ਲਗਵਾਇਆ ਜਿਹਨਾਂ ਦੇ ਨਾਂ ਇਹਨਾਂ ਸ਼ਾਨਦਾਰ ਸਿਪਾਹੀਆਂ ਦੁਆਰਾ ਦਿਖਾਈ ਬਹਾਦਾਰੀ ਦੇ ਸਦੀਵੀ ਰਿਕਾਰਡ ਲਈ ਖੁਣਵਾਏ ਗਏ ਹਨ। ਅਤੇ ਜੋ 12 ਸਤੰਬਰ, 1897 ਨੂੰ ਭਾਰੀ ਸੰਖਿਆ ਵਾਲੇ ਦੁਸ਼ਮਣ ਖਿਲਾਫ਼ ਸਾਰਾਗੜ੍ਹੀ ਦੀ ਪੋਸਟ ਦੀ ਹਿਫਾਜ਼ਤ ਕਰਦੇ ਹੋਏ, ਇਸ ਤਰ੍ਹਾਂ ਆਪਣੀ ਸਰਬਸੱਤਾਵਾਨ, ਭਾਰਤ ਦੀ ਰਾਣੀ ਮਲਕਾ, ਪ੍ਰਤੀ ਵਫਾਦਾਰੀ ਤੇ ਸਮਰਪਣ ਨੂੰ ਸਿੱਧ ਕਰਦੇ ਹੋਏ ਤੇ ਲੜਾਈ ਦੇ ਮੈਦਾਨ ਵਿੱਚ ਲਾਮਿਸਾਲ ਹੌਂਸਲਾ ਦਿਖਾਉਣ ਦੀ ਸਿੱਖ ਪਰੰਪਰਾ ਨੂੰ ਸ਼ਾਨਾਮੱਤੇ ਢੰਗ ਨਾਲ਼ ਬਰਕਰਾਰ ਰੱਖਦੇ ਹੋਏ ਮਾਰੇ ਗਏ।''
ਇਸ ਸ਼ਿਲਾਲੇਖ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਲਈ ਬਹਾਦਰੀ ਤੇ ਕਰਤਵ-ਪਾਲਣ, ਪਰੰਪਰਾ ਬਰਕਰਾਰ ਰੱਖਣ ਦੇ ਕੀ ਮਤਲਬ ਸਨ, ਪਰ ਸਾਡੇ ਬੁੱਧੀਜੀਵੀਆਂ ਨੂੰ ਅੱਜ ਤੱਕ ਵੀ ਇਸ ਦੀ ਸਮਝ ਨਹੀਂ ਆਈ। ਇਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਕੁਝ 'ਸ਼ਹੀਦਾਂ' ਦੀ ਯਾਦ ਵਿੱਚ ਅੰਗਰੇਜ਼ਾਂ ਸ਼ਿਲਾਲੇਖ ਖੜ੍ਹੇ ਕਰਦੇ ਹਨ ਅਤੇ ਕੁਝ ਸ਼ਹੀਦਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਅਧਜਲੇ ਕਰਕੇ ਸਤਲੁਜ ਵਿੱਚ ਰੋੜ੍ਹ ਦਿੰਦੇ ਹਨ ਜਾਂ ਕਮਾਏ ਹੋਏ ਸਰੀਰਾਂ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਰੋਲ ਦਿੰਦੇ ਹਨ, ਆਖਰ ਕਿਉਂ? ਚੰਦਰ ਸ਼ੇਖਰ ਆਜ਼ਾਦ ਦੀ ਯਾਦ ਵਿੱਚ ਤਾਂ ਅੰਗਰੇਜ਼ਾਂ ਨੇ ਕੋਈ ਸ਼ਿਲਾਲੇਖ ਨਹੀਂ ਖੜ੍ਹਾ ਕੀਤਾ ਹਾਲਾਂਕਿ ਉਹ ਵੀ ਵੱਡੀ ਗਿਣਤੀ ਵਿੱਚ ਅੰਗਰੇਜ਼ਾਂ ਦੀ ਤਨਖਾਹਦਾਰ ਪੁਲਿਸ ਨਾਲ਼ ਇਕੱਲਾ ਹੀ ਲੜਦਾ ਸ਼ਹੀਦ ਹੋਇਆ, ਆਖਰ ਕਿਉਂ?
ਸਾਰਾਗੜ੍ਹੀ ਵਿੱਚ ਮਾਰੇ ਗਏ ਬ੍ਰਿਟਿਸ਼ ਭਾਰਤੀ ਫੌਜੀਆਂ ਨੂੰ ਸ਼ਹੀਦ ਮੰਨਣ ਵਾਲੇ ਭਾਰਤੀ ਤੇ ਸਿੱਖ ਬੁੱਧੀਜੀਵੀ ਵੀ ਅੱਗੇ ਦੋ ਕਿਸਮ ਦੇ ਹਨ - ਪਹਿਲੀ ਕਿਸਮ ਉਹ ਹੈ ਜੋ ਸਿੱਖਾਂ ਵਿੱਚ ਅੰਨ੍ਹੀ ਕੌਮਪ੍ਰਸਤੀ ਦੀ ਭਾਵਨਾ ਭੜਕਾਉਂਦੀ ਹੈ। ਅਜਿਹਾ ਉਹ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਅਤੇ ਲੜਾਈ ਨੂੰ ਇਤਿਹਾਸਕ ਪਰਿਪੇਖ ਨਾਲੋਂ ਤੋੜ ਕੇ ਕਰਦੇ ਹਨ। ਇਹਨਾਂ ਵਿੱਚੋਂ ਇੱਕ ਧਾਰਾ ਇਹੋ ਜਿਹੀ ਵੀ ਹੈ, ਜਿਸ ਧਾਰਾ ਦੇ ਲੱਕੜਸਿਰੇ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਅਤੇ ਗੈਰ-ਅੰਮ੍ਰਿਤਧਾਰੀ ਗਦਰੀਆਂ ਦੀ ਕੁਰਬਾਨੀ ਨੂੰ ਮੰਨਣ ਤੋਂ ਵੀ ਇਨਕਾਰੀ ਹਨ ਤੇ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ਼ ਦੇਸ਼ ਦੇ ਇਹਨਾਂ ਸਪੂਤਾਂ ਤੇ ਨਾਇਕਾਂ ਨੂੰ ਸਨਮਾਨਿਤ ਕਰਦੇ ਹਨ। ਭਗਤ ਸਿੰਘ ਨਾਲ਼ ਇਹਨਾਂ ਨੂੰ ਇਹੀ ਸ਼ਿਕਾਇਤ ਹੈ ਕਿ ਉਹ ਨਾਸਤਿਕ ਹੋ ਗਿਆ ਸੀ ਅਤੇ ਇਸ ਤੋਂ ਵੀ ਵੱਧ ਉਸ ਦੀ ਵਿਚਾਰਧਾਰਾ ਇਹਨਾਂ ਦੇ ਅੰਨ੍ਹੇ-ਕੌਮਪ੍ਰਸਤ ਪ੍ਰਾਪੰਗੰਡੇ ਦੇ ਫਿੱਟ ਨਹੀਂ ਬੈਠਦੀ ਤੇ ਇਹਨਾਂ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਗੈਰ-ਅੰਮ੍ਰਿਤਧਾਰੀ ਗਦਰੀਆਂ ਨਾਲ਼ ਵੀ ਇਹੀ ਸ਼ਿਕਾਇਤ ਹੈ ਕਿਉਂਕਿ ਉਹ ਜਾਂ ਤਾਂ ਹਿੰਦੂ ਸਨ ਜਾਂ ਫਿਰ ਇਹਨਾਂ ਦੀ ਅੰਨ੍ਹੀ ਕੌਮਪ੍ਰਸਤੀ ਦੇ ਚੌਖਟੇ ਦੇ ਉਹ ਮੇਚ ਨਹੀਂ ਆਉਂਦੇ, ਵੈਸੇ ਵੀ ਗਦਰੀਆਂ ਦਾ ਇਸ ਤਰ੍ਹਾਂ ਦਾ ਵਰਗੀਕਰਨ ਇਹਨਾਂ ਦੀ ਹੀ 'ਵਿਗਿਆਨਕ ਖੋਜ' ਹੈ ਜਦੋਂ ਕਿ ਗਦਰ ਪਾਰਟੀ ਦੇ ਸੰਵਿਧਾਨ ਅਤੇ ਇਤਿਹਾਸ ਵਿੱਚ ਧਰਮ ਅਧਾਰਿਤ ਵਖਰੇਵਾਂ ਕਿਤੇ ਵੀ ਨਹੀਂ ਹੈ, ਸਗੋਂ ਸਾਰੇ ਗਦਰੀ ਧਰਮ ਨਿਰਪੱਖ ਅਸੂਲਾਂ ਦੇ ਧਾਰਨੀ ਸਨ।
ਵਿਸ਼ੇ ਵੱਲ ਪਰਤਦੇ ਹਾਂ, ਹਿਟਲਰ ਦੇ ਪ੍ਰਾਪੇਗੰਡਾ ਮੰਤਰੀ 'ਗੋਬੇਲਜ਼' ਦੇ ਹਮਰਾਜ਼ ਤੇ ਹਮਰਾਹ, ਇਸ ਕਿਸਮ ਦੇ ਵਿਦਵਾਨ ਲੋਕ ਅੰਗਰੇਜ਼ ਸਾਮਰਾਜੀਆਂ ਅਤੇ ਗੁਲਾਮੀ ਤੇ ਬ੍ਰਿਟਿਸ਼ ਬਰਬਰਤਾ ਦੇ ਸ਼ਿਕਾਰ ਪਸ਼ਤੂਨਾਂ ਵਿਚਕਾਰ ਦੀ ਇਸ ਲੜਾਈ ਨੂੰ ਸਿੱਖਾਂ ਤੇ ਮੁਸਲਮਾਨਾਂ (ਪਠਾਨਾਂ) ਵਿਚਲੀ ਲੜਾਈ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋਕਾਂ ਦੀ ਧਾਰਮਿਕਤਾ ਦਾ ਫਾਇਦਾ ਉੱਠਾ ਕੇ ਦੂਸਰੇ ਫਿਰਕਿਆਂ ਨਾਲੋਂ ਉੱਤਮਤਾ ਤੇ ਨਫ਼ਰਤ ਦੀ ਭਾਵਨਾ ਲੋਕਾਂ ਦੇ ਮਨਾਂ ਵਿੱਚ ਭਰਨ ਅਤੇ ਮਾਨਸਿਕ ਤੌਰ 'ਤੇ ਗੁਲਾਮੀ ਕਰਨ, ਚੁੱਪ-ਚਾਪ ਵਿਸ਼ਵਾਸ ਕਰਨ ਤੇ ਛਾਣਬੀਨ ਨਾ ਕਰਨ ਦੀ ਰੁਚੀ ਨੂੰ ਲੋਕਾਂ ਦੇ ਦਿਮਾਗਾਂ ਵਿੱਚ ਭਰਦੇ ਹਨ।
ਅੰਗਰੇਜ਼ਾਂ ਨੇ ਵੀ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਆਪਣੇ ਪ੍ਰਤੀ ਵਫਾਦਾਰੀ ਤੇ ਸਮਰਪਣ ਦੇ ਰੂਪ ਵਿੱਚ ਕੈਸ਼ ਕਰਨ ਲਈ ਖੂਬ ਪਰਪੰਚ ਰਚੇ। ਉਹਨਾਂ ਨੇ ਇਹਨਾਂ ਫੌਜੀਆਂ ਦੀ 'ਬਹਾਦਰੀ' ਦੀ ਯਾਦ ਵਿੱਚ ਤੇ ਬਹਾਦਰੀ (ਵਫਾਦਾਰੀ) ਦਾ ਪ੍ਰਚਾਰ ਕਰਨ ਲਈ ਤਿੰਨ ਗੁਰਦੁਆਰੇ ਬਣਾਏ - ਇੱਕ ਸਾਰਾਗੜ੍ਹੀ ਦੀ ਲੜਾਈ ਦੇ ਸਥਾਨ 'ਤੇ, ਦੂਜਾ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਲਾਗੇ ਤੇ ਤੀਜਾ ਫਿਰੋਜਪੁਰ ਛਾਉਣੀ ਵਿੱਚ। ਇਹ ਗੁਰਦੁਆਰੇ ਬਣਾਉਣ ਪਿੱਛੇ ਵੀ ਸਿੱਖ ਬੁੱਧੀਜੀਵੀ ਅੰਗਰੇਜ਼ਾਂ ਦੀ ਸਿੱਖਾਂ ਦੀ ਬਹਾਦਰੀ ਪ੍ਰਤੀ ਸ਼ਲਾਘਾ ਭਾਵਨਾ ਸਮਝਦੇ ਹਨ, ਪਰ ਇਹ ਵਿਦਵਾਨ ਇਹ ਸੋਚਣ ਲਈ ਦਿਮਾਗ ਤੇ ਕੋਈ ਬੋਝ ਨਹੀਂ ਪਾਉਂਦੇ ਕਿ ਜੇ ਅੰਗਰੇਜ਼ ਸਿੱਖਾਂ ਦੀ ਬਹਾਦਰੀ ਦੇ ਇੰਨੇ ਹੀ ਕਾਇਲ ਸਨ ਤਾਂ ਕੂਕਾ ਲਹਿਰ ਦੇ ਸ਼ਹੀਦਾਂ, ਗਦਰੀਆਂ, ਬੱਬਰ ਅਕਾਲੀ ਲਹਿਰ ਦੇ ਸ਼ਹੀਦ ਧੰਨਾ ਸਿੰਘ ਬੱਬਰ ਤੇ ਕਿਸ਼ਨ ਸਿੰਘ ਗੜਗੱਜ ਜਿਹੇ ਸਿੱਖਾਂ ਦੀ ਯਾਦ 'ਚ ਤਾਂ ਅੰਗਰੇਜ਼ਾਂ ਨੇ ਕਦੇ ਇੱਕ ਇੱਟ ਵੀ ਨਹੀਂ ਲਾਈ, ਸਗੋਂ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੀ ਕੀਤੀਆਂ।
ਦੂਜੀ ਕਿਸਮ ਦੇ ਵਿਦਵਾਨ ਵੀ ਕਾਫ਼ੀ ਗਿਣਤੀ ਵਿੱਚ ਪਾਏ ਜਾਂਦੇ ਹਨ - ਇਹਨਾਂ ਵਿੱਚ ਵੀ ਸਿੱਖ ਵਿਦਵਾਨ ਹੀ ਜ਼ਿਆਦਾ ਹਨ। ਪਹਿਲਿਆਂ ਨਾਲੋਂ ਇਹਨਾਂ ਵਿੱਚ ਫਰਕ ਇਹ ਹੈ ਕਿ ਇਹ ਜ਼ੁਬਾਨੀ ਕਸਰਤ ਕਰਦੇ ਹੋਏ ਆਜ਼ਾਦੀ ਲਹਿਰ 'ਚ ਕੁਰਬਾਨੀਆਂ ਕਰਨ ਵਾਲੇ ਦੇਸ਼-ਭਗਤਾਂ ਦੀ ਕੁਰਬਾਨੀ ਤੋਂ ਮੁਨਕਰ ਨਹੀਂ ਹੁੰਦੇ, ਮੌਕੇ ਅਨੁਸਾਰ ਦੋਵਾਂ ਨੂੰ ਹੀ, ਅੰਗਰੇਜ਼ਾਂ ਦੇ ਵਫਾਦਾਰ ਅਤੇ ਅੰਗਰੇਜ਼ਾਂ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਭਾਰਤੀਆਂ ਨੂੰ ਸ਼ਹੀਦ ਐਲਾਨ ਦਿੰਦੇ ਹਨ। ਪਰ ਇਹ ਵੀ ਪ੍ਰਧਾਨ ਤੌਰ ਭਾਰਤੀ ਲੋਕਾਂ ਤੇ ਨੌਜਵਾਨਾਂ ਨੂੰ ਬਹਾਦਰੀ ਤੇ ਕਰਤਵ-ਪਾਲਨ ਦਾ ਸਬਕ ਸਿੱਖਣ ਲਈ ਸਾਰਾਗੜ੍ਹੀ ਤੋਂ ਪ੍ਰੇਰਨਾ ਲੈਣ ਦੀ ਹੀ ਗੱਲ ਕਰਦੇ ਹਨ। ਇਹ ਆਪਣਾ ਇਹ ਸਟੈਂਡ ਵੀ ਸਪਸ਼ਟ ਨਹੀਂ ਕਰਦੇ ਕਿ ਕਿਹੜੇ ਸ਼ਹੀਦਾਂ ਨੂੰ ਸਹੀ ਮੰਨਦੇ ਹਨ - ਰਾਣੀ ਮਲਕਾ ਦੇ ਪ੍ਰਤੀ ਵਫਾਦਾਰੀ ਤੇ ਸਮਰਪਣ ਕਰਨ ਵਾਲਿਆਂ ਨੂੰ ਜਾਂ ਫਿਰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਬਿਨਾਂ ਕਿਸੇ ਵਿਅਕਤੀਗਤ ਫਾਇਦੇ ਦੇ ਆਮ ਲੋਕਾਂ ਲਈ ਜਾਨਾਂ ਵਾਰਨ ਵਾਲਿਆਂ ਨੂੰ।
ਇਹਨਾਂ ਦੂਸਰੀ ਕਿਸਮ ਦੇ ਕਲ਼ਮੀ ਯੋਧਿਆਂ ਵਿੱਚੋਂ ਬਹੁਤੇ ਪੂੰਜੀਵਾਦੀ ਲੁੱਟ 'ਤੇ ਅਧਾਰਿਤ 'ਕਾਲੇ ਅੰਗਰੇਜ਼ਾਂ' ਦੇ ਨਿਜ਼ਾਮ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਚੁੱਕੇ ਹਨ। ਇਹਨਾਂ ਦੇ ਹਿੱਤ ਆਮ ਮਿਹਨਤਕਸ਼ ਲੋਕਾਂ ਨਾਲੋਂ ਟੁੱਟ ਕੇ ਪੂੰਜੀਵਾਦੀ ਲੁੱਟ ਨਾਲ਼ ਜੁੜ ਚੁੱਕੇ ਹਨ, ਇਸ ਲਈ 'ਜਿਸ ਦਾ ਖਾਈਏ, ਉਸੇ ਦਾ ਗੁਣ ਗਾਈਏ' ਅਨੁਸਾਰ ਪੂੰਜੀਵਾਦੀ ਢਾਂਚੇ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਗੁਲਾਮੀ ਅਤੇ ਲੁੱਟ ਖਿਲਾਫ ਲੜਨ ਵਾਲੇ ਦੇਸ਼ ਭਗਤਾਂ ਦੇ ਨਾਲ਼ ਨਾਲ਼ ਜਾਂ ਉਹਨਾਂ ਦੀ ਥਾਂ ਅਜਿਹੇ ਨਾਇਕਾਂ ਦੀ ਸਥਾਪਨਾ ਸਮਾਜ ਅੰਦਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ 'ਲਕੀਰ ਦੇ ਫਕੀਰ' ਵਾਲੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਦੇ ਹੋਣ, ਤਨਖਾਹਦਾਰ ਮੁਲਾਜਮਾਂ ਵਾਲੀ ਵਫਾਦਾਰੀ ਨੂੰ ਬਹਾਦਰੀ ਬਣਾ ਕੇ ਪੇਸ਼ ਕਰਦੇ ਹੋਣ, ਜਿਹਨਾਂ ਲਈ ਕਰਤਵ-ਪਾਲਣ ਦਾ ਮਤਲਬ ਸਿਰ ਝੁਕਾ ਕੇ ਹੁਕਮ ਮੰਨਣ ਤੋਂ ਬਿਨਾਂ ਕੁਝ ਨਾ ਹੋਵੇ ਅਤੇ ਜਿਹਨਾਂ ਲਈ ਪਰੰਪਰਾ ਦੀ ਰਾਖੀ ਦਾ ਮਤਲਬ ਹਰ ਤਰ੍ਹਾਂ ਦੇ ਪੁਰਾਣੇ ਰੀਤੀ ਰਿਵਾਜਾਂ ਪ੍ਰਤੀ ਆਲੋਚਨਾਤਮਕ ਨਜ਼ਰੀਆ ਅਪਣਾਉਣ ਦੀ ਥਾਂ ਸ਼ਰਧਾਭਾਵ ਪੈਦਾ ਕਰਨਾ ਹੋਵੇ। ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਇਹ ਉਨਾ ਕੁ ਹੀ ਯਾਦ ਕਰਦੇ ਹਨ, ਜਿੰਨੀ ਕੁ ਕਾਲੇ ਅੰਗਰੇਜ਼ਾਂ ਨੂੰ ਯਾਦ ਆਉਂਦੀ ਹੈ।

ਕੁਝ ਹੋਰ ਗੱਲਾਂ
ਅਕਸਰ ਅਖ਼ਬਾਰਾਂ/ਮੈਗਜ਼ੀਨਾਂ/ਇੰਟਰਨੈੱਟ 'ਤੇ ਇਹ ਪੜ੍ਹਨ ਨੂੰ ਮਿਲਦਾ ਹੈ - ਸਾਰਾਗੜ੍ਹੀ ਦੀ ਲੜਾਈ ਯੂਨੈਸਕੋ ਦੁਆਰਾ ਛਾਪੀ ਗਈ ਅੱਠ ਅਜਿਹੀਆਂ ਲ਼ੜਾਈਆਂ ਦੀ ਸੂਚੀ ਵਿੱਚ ਸ਼ਾਮਿਲ ਕੀਤੀ ਹੈ ਜਿਸ ਵਿੱਚ ਮਨੁੱਖਾਂ ਨੇ ਲਾਮਿਸਾਲ ਬਹਾਦਰੀ ਪੇਸ਼ ਕੀਤੀ। ਇਸੇ ਸੂਚੀ ਦੇ ਅਧਾਰ 'ਤੇ ਸਾਰਾਗੜ੍ਹੀ ਦੀ ਲੜਾਈ ਦੀ 'ਥਰਮੋਪਾਈਲ ਦੀ ਲੜਾਈ' ਦੀ ਲੜਾਈ ਨਾਲ਼ ਤੁਲਨਾ ਕੀਤੀ ਜਾਂਦੀ ਹੈ।
ਇੱਥੇ ਇੱਕ ਵਾਰੇ ਫੇਰ, ਬੜੀ ਚਲਾਕੀ ਨਾਲ਼ ਲੜਾਈ ਦੇ ਉਦੇਸ਼ ਅਤੇ ਚਰਿੱਤਰ ਨੂੰ ਨਿਖੇੜ ਕੇ ਪੇਸ਼ ਕੀਤਾ ਜਾਂਦਾ ਹੈ। 'ਥਰਮੋਪਾਈਲ ਦੀ ਲੜਾਈ' ਦੋ ਯੂਨਾਨੀ ਗਣਰਾਜਾਂ ਸਪਾਰਟਾ ਤੇ ਏਥਨਜ਼ ਦੇ ਫੌਜੀਆਂ ਅਤੇ ਪਰਸ਼ੀਆ ਸਲਤਨਤ ਵਿਚਕਾਰ 480 ਈ. ਪੂ. ਵਿੱਚ ਲੜੀ ਗਈ। ਪਰਸ਼ੀਆ ਦਾ ਰਾਜਾ ਲੱਖਾਂ ਦੀ ਫੌਜ ਲੈ ਕੇ ਸਪਾਰਟਾ ਤੇ ਏਥਨਜ਼ 'ਤੇ ਹਮਲਾ ਬੋਲ ਦਿੰਦਾ ਹੈ ਕਿਉਂਕਿ ਇਹਨਾਂ ਦੋ ਗਣਰਾਜਾਂ ਨੇ ਉਸ ਦੀ ਅਧੀਨਗੀ ਮੰਨਣੋਂ ਇਨਕਾਰ ਕਰ ਦਿੱਤਾ ਸੀ। 300 ਦੇ ਕਰੀਬ ਯੂਨਾਨੀ ਜੰਗਜੂ ਥਰਮੋਪਾਈਲ ਦੇ ਦੱਰੇ ਤੇ ਪਰਸ਼ੀਆ ਦੀ ਫੌਜ ਨੂੰ ਰੋਕ ਕੇ ਰੱਖਣ ਲਈ ਮੋਰਚੇ ਸੰਭਾਲਦੇ ਹਨ ਅਤੇ ਚਾਰ ਦਿਨਾਂ ਤੱਕ ਪਰਸ਼ੀਆ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕੀ ਰੱਖਦੇ ਹਨ। ਇੱਥੇ 'ਬਹਾਦਰੀ' ਆਪਣੀ ਮਾਤਭੂਮੀ ਦੀ ਹਮਲਾਵਰ ਤੋਂ ਹਿਫ਼ਾਜ਼ਤ ਕਰਨ ਲਈ ਦਿਖਾਈ ਗਈ ਜਦੋਂ ਕਿ ਅਸੀਂ ਦੇਖਿਆ ਹੀ ਹੈ ਕਿ ਸਾਰਾਗੜ੍ਹੀ ਦੇ ਸਬੰਧ ਵਿੱਚ ਸਥਿਤੀ ਬਿਲਕੁਲ ਉਲਟ ਹੈ। ਭਗਤ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜੇ ਉਦੇਸ਼ ਨੂੰ ਪਾਸੇ ਰੱਖ ਦੇਈਏ ਤਾਂ ਅਪਰਾਧੀ ਨੂੰ ਫਾਂਸੀ ਦੀ ਸਜਾ ਸੁਣਾਉਣ ਵਾਲਾ ਜੱਜ ਵੀ ਕਾਤਲ ਹੋਵੇਗਾ, ਇਸੇ ਤਰ੍ਹਾਂ ਬਹਾਦਰੀ ਦੀ ਆਪਣੇ ਆਪ ਵਿੱਚ ਕੋਈ ਨਿਖੜਿਆ ਵਰਤਾਰਾ ਨਹੀਂ, ਸਗੋਂ ਉਸ ਨੂੰ ਵੀ ਉਦੇਸ਼ ਨਾਲ਼ ਹੀ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਬਹਾਦਰ ਕੋਈ ਚੋਰ/ਡਾਕੂ ਵੀ ਹੋ ਸਕਦਾ ਹੈ, ਤਾਂ ਕੀ ਸਾਡੇ ਲੋਕ ਉਹਨਾਂ ਤੋਂ ਵੀ ਬਹਾਦਰੀ ਤੇ ਕਰਤਵ-ਪਾਲਣ ਦੀ ਗੁੜਤੀ ਲੈਣੀ ਸ਼ੁਰੂ ਕਰ ਦੇਣ। ਇਸ ਤਰ੍ਹਾਂ 'ਥਰਮੋਪਾਈਲ ਦੀ ਲੜਾਈ' ਦੇ ਯੂਨਾਨੀ ਜੰਗਜੂ ਤਾਂ ਸਾਡਾ ਪ੍ਰੇਰਨਾਸ੍ਰੋਤ ਹੋ ਸਕਦੇ ਹਨ, ਪਰ ਸਾਰਾਗੜ੍ਹੀ ਦੇ ਬ੍ਰਿਟਿਸ਼ ਭਾਰਤੀ ਫੌਜੀ ਤਾਂ ਬਿਲਕੁਲ ਨਹੀਂ।
ਅੱਜ ਦੇ ਸਮੇਂ ਵਿੱਚ, ਜਦੋਂ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਲੋਕਾਂ ਦੀ ਚੇਤਨਾ ਨੂੰ ਖੁੰਡਾ ਕਰਨ ਤੇ ਉਹਨਾਂ ਦੀ ਮਾਨਸਿਕ ਗੁਲਾਮੀ ਦੀ ਹਾਲਤ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਪਿਛਾਖੜੀ ਤਾਕਤਾਂ ਰਲ ਮਿਲ ਕੇ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ, ਅਜਿਹੇ ਸਮੇਂ ਵਿੱਚ ਇਤਿਹਾਸ ਦੀ ਸਹੀ ਪੇਸ਼ਕਾਰੀ, ਇਤਿਹਾਸ ਪ੍ਰਤੀ ਤਰਕਸ਼ੀਲ ਪਹੁੰਚ ਨੂੰ ਵਿਕਸਿਤ ਕਰਨ ਦੀ ਅਤੇ ਲੋਕਾਂ ਦੇ ਅਸਲੀ ਨਾਇਕਾਂ ਦੀ ਕਹਾਣੀ ਤੇ ਵਿਚਾਰਾਂ ਨੂੰ ਲੋਕਾਂ ਤੇ ਨੌਜਵਾਨਾਂ ਵਿੱਚ ਲੈ ਕੇ ਜਾਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ। ਲੋਕਾਂ ਤੱਕ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਤੇ ਵਿਚਾਰਧਾਰਾ, ਗਦਰੀਆਂ ਦੀ ਕੁਰਬਾਨੀ ਤੇ ਵਿਚਾਰਧਾਰਾ, ਗਦਰੀਆਂ ਨਾਲ਼ ਮਿਲ ਕੇ ਪਹਿਲੀ ਸੰਸਾਰ ਜੰਗ ਦੌਰਾਨ ਅੰਗਰੇਜ਼ੀ ਗੁਲਾਮੀ ਖਿਲਾਫ਼ ਬਗਾਵਤ ਕਰਨ ਵਾਲੇ ਫਿਰੋਜਪੁਰ ਛਾਉਣੀ ਤੇ ਰਾਵਲਪਿੰਡੀ ਦੀ ਬਹਾਦਰ ਪਠਾਨ ਰੈਜਮੈਂਟ, ਜਿਸ ਨੇ ਇਰਾਕ ਵਿੱਚ ਜਾ ਕੇ ਅੰਗਰੇਜ਼ਾਂ ਲਈ ਲੜਨੋਂ ਨਾਂਹ ਕਰ ਦਿੱਤੀ ਸੀ, ਦੀ ਬਹਾਦਰੀ ਦੀ ਕਹਾਣੀ, ਸਿੰਘਾਪੁਰ ਦੇ ਬਾਗੀ ਫੌਜੀਆਂ ਦੀ ਕਹਾਣੀ, ਰਾਇਲ ਨੇਵੀ ਬਗਾਵਤ ਦੇ ਮਹਾਨ ਸਪੂਤਾਂ ਦੀ ਕਹਾਣੀ ਲੋਕਾਂ ਵਿੱਚ ਲੈ ਕੇ ਜਾਣੀ ਹੋਵੇਗੀ। ਇੱਕ ਵਧੀਆਂ ਤੇ ਨਰੋਆ, ਲੁੱਟ-ਖਸੁੱਟ ਰਹਿਤ ਸਮਾਜ ਸਿਰਜਣ ਲਈ ਭਾਰਤ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਮਾਨਸਿਕ ਗੁਲਾਮੀ ਦੇ ਜੂਲੇ ਨੂੰ, ਚਾਹੇ ਉਹ ਕਿਸੇ ਰੂਪ ਵਿੱਚ ਹੋਵੇ, ਵਗਾਹ ਮਾਰਨਾ ਹੋਵੇਗਾ, ਇੱਕ ਆਜ਼ਾਦ ਤੇ ਤਰਕਸ਼ੀਲ ਸੋਚ ਅਪਣਾਉਣੀ ਹੋਵੇਗੀ ਅਤੇ ਹਰ ਚੀਜ਼ ਦੇ ਤਹਿ ਤੱਕ ਜਾਣ ਦੀ ਰੁਚੀ ਵਿਕਸਿਤ ਕਰਨੀ ਹੋਵੇਗੀ। ਬਾਕੌਲ ਸ਼ਾਇਰ ਦੁਸ਼ਿਅੰਤ ਕੁਮਾਰ —
ਜ਼ਰਾ ਸਾ ਤੌਰ ਤਰੀਕੋਂ ਮੇਂ ਹੇਰ ਫੇਰ ਕਰੋ,
ਤੁਮ੍ਹਾਰੇ ਹਾਥੋਂ ਮੇਂ ਕਾਲਰ ਹੋ, ਆਸਤੀਨ ਨਹੀਂ।

Sunday, March 27, 2011

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਕ ਵਿਰਾਸਤ ਅਤੇ ਕਹਾਣੀਕਾਰ ਸੁਜਾਨ ਸਿੰਘ -ਡਾ. ਕਰਮਜੀਤ ਸਿੰਘ

(ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ }



ਭਾਰਤੀ ਸੰਦਰਭ ਵਿਚ ਭਗਤ ਸਿੰਘ ਸਮਕਾਲੀ ਸਮੇਂ ਵਿਚ ਸਭ ਤੋਂ ਵੱਡਾ ਨਾਂ ਹੈ। ਹੁਣ ਤਕ ਅਸੀਂ ਇਸ ਗੱਲ ਬਾਰੇ ਸੁਚੇਤ ਹੋ ਚੁੱਕੇ ਹਾਂ ਕਿ ਇਸ ਵੱਡੇ ਨਾਂ ਨੂੰ ਸੰਪ੍ਰਦਾਇਕ ਤਾਕਤਾਂ ਆਪਣੇ ਬਾਉਣੇ ਕੱਦ ਦੇ ਬਰਾਬਰ ਕਰਨਾ ਚਾਹੁੰਦੀਆਂ ਹਨ। ਇਸ ਲਈ ਉਹ ਭਗਤ ਸਿੰਘ ਦੇ ਬਾਹਰੀ ਰੂਪ ਉਪਰ ਕੇਂਦ੍ਰਿਤ ਹਨ। ਭਗਤ ਸਿੰਘ ਨੂੰ ਕਲੀਨ ਸੇ਼ਵਨ ਮੰਨ ਕੇ ਉਸਨੂੰ ਹਿੰਦੂਵਾਦੀ ਸੰਗਠਨ ਆਰ. ਐਸ.ਐਸ ਦਾ ਬਾਣਾ ਪਹਿਨਾਉਣਾ ਚਾਹੁੰਦੇ ਹਨ ਜਦ ਕਿ ਸਿੱਖ ਸਂੰਪ੍ਰਦਾਇਵਾਦੀ ਉਸਨੂੰ ਹਰ ਹੀਲੇ ਸਾਬਤ-ਸੂਰਤ ਸਿੱਖ ਸਜਾਉਣ ਦੇ ਆਹਰ ਵਿਚ ਲੱਗੇ ਹੋਏ ਹਨ। ਆਪਣੀ ਇਸ ਮੁਹਿੰਮ ਵਿਚ ਨਾ ਤਾਂ ਉਹ ਹੁਣ ਤਕ ਕਾਮਯਾਬ ਹੋਏ ਹਨ ਤੇ ਨਾ ਹੀ ਹੋ ਸਕਦੇ ਹਨ ਕਿਉਂਕਿ ਭਗਤ ਸਿੰਘ ਦੀ ਵਿਚਾਰਧਾਰਾ ਉਨ੍ਹਾਂ ਦੇ ਮਨਸੂਬਿਆਂ ਨੂੰ ਸਫਂਲ ਨਹੀਂ ਹੋਣ ਦੇਵੇਗੀ। ਉਸੇ ਹੀ ਤਰ੍ਹਾਂ ਜਿਵੇਂ ਮਹਾਤਮਾ ਬੁੱਧ ਨੂੰ ਚੌਵੀ ਅਵਤਾਰਾਂ ਵਿਚ ਸ਼ਾਮਿਲ ਕਰਨ ਦੇ ਬਾਵਜੂਦ ਬੁੱਧ ਆਪਣੀ ਵਿਚਾਰਧਾਰਾ ਕਾਰਣ ਵੱਖਰੀ ਹਸਤੀ ਰੱਖਣ ਵਿਚ ਅੱਜ ਤਕ ਵੀ ਕਾਮਯਾਬ ਹੈ। ਜੋ ਸੰਪ੍ਰਦਾਇਕ ਸੰਗਠਨ ਭਗਤ ਸਿੰਘ ਨੂੰ ਹਥਿਆਉਣ ਵਿਚ ਖਿੱਚੋ ਧੂਹੀ ਕਰ ਰਹੇ ਹਨ “ਮਾਅਰਕੇ ਦੀ ਗੱਲ ਹੈ ਕਿ ਹਿੰਦੂ, ਮੁਸਲਿਮ ਜਾਂ ਸਿੱਖਾਂ ਦੇ ਕਿਸੇ ਵੀ ਸੰਪ੍ਰਦਾਇਕ ਸੰਗਠਨ ਨੇ ਇਨ੍ਹਾਂ ਕਰਾਂਤੀਕਾਰੀਆਂ ਦੇ ਸਮਰਥਨ ਜਾਂ ਬਚਾਉ ਵਿਚ ਇਕ ਵੀ ਸ਼ਬਦ ਨਹੀਂ ਕਿਹਾ ਸੀ।” 0

ਅਜੋਕੇ ਦੌਰ ਵਿਚ ਭਗਤ ਸਿੰਘ ਉਪਰ ਚਾਰ ਚਾਰ ਇੱਕਠੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਇਕ ਫਿਲਮ ਨੂੰ ਛੱਡ ਕੇ ਬਾਕੀ ਦੀਆਂ ਤਿੰਨੋਂ, ਬੰਬਈਆ ਮਸਾਲੇ ਦੇ ਬਾਵਜੂਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਾਲ ਲੈ ਕੇ ਚਲਦੀਆਂ ਹਨ। ‘ਰੰਗ ਦੇ ਬਸਤੀ’ ਵਰਗੀ ਫਿਲਮ ਭਗਤ ਸਿੰਘ ਰਾਜਗੁਰੂ, ਸੁਖਦੇਵ ਦੇ ਕਾਰਜਾਂ ਨੂੰ ਪੁਨਰ ਸਿਰਜਿਤ ਕਰਦੀ ਹੈ, ਇਹ ਆਤੰਕਵਾਦੀ ਐਕਸ਼ਨ ਦੀ ਫਿਲਮ ਤਾਂ ਹੋ ਸਕਦੀ ਹੈ, ਪਰ ਵਿਚਾਰਧਾਰਾ ਇਸ ਵਿਚੋਂ ਗਾਇਬ ਹੈ। ਸਿਰਫ ਚੀਫ ਮਨਿਸਟਰ ਨੂੰ ਮਾਰਕੇ ਨੌਜਵਾਨਾਂ ਤੋਂ ਇਹ ਆਸ ਰੱਖਣਾ ਕਿ ਉਹ ਸੱਤਾ ਵਿਰੁੱਧ ਉੱਠ ਖੜੋਣਗੇ, ਵਰਗੇ ਵਿਚਾਰ ਇਤਿਹਾਸ ਨੇ ਗ਼ਲਤ ਸਾਬਤ ਕਰ ਦਿੱਤੇ ਹਨ। ਫਿਰ ਵੀ ਇਹ ਮੰਨਣਾ ਪਵੇਗਾ ਕਿ ਫਿਲਮਕਾਰਾਂ ਨੂੰ ਪਤਾ ਹੈ ਕਿ ਭਗਤ ਸਿੰਘ ਦੇ ਨਾਮ ਉਪਰ ਬਣੀ ਫਿਲਮ ਘਾਟੇ ਵਿਚ ਨਹੀਂ ਜਾਵੇਗੀ ਤੇ ਉਹ ਗਈ ਵੀ ਨਹੀਂ। ਅੱਜ ਭਗਤ ਸਿੰਘ ਦੇ ਪੋਸਟਰ, ਤਸਵੀਰਾਂ ਆਮ ਨੌਜਵਾਨਾਂ ਵਿਚ ਲੋਕਪ੍ਰਿਯ ਹੋ ਰਹੀਆਂ ਹਨ। ਗੱਡੀਆਂ ਉਪਰ ਭਗਤ ਸਿੰਘ ਦੇ ਸਟਿੱਕਰ ਆਮ ਦੇਖੇ ਜਾ ਸਕਦੇ ਹਨ। ਭਗਤ ਸਿੰਘ ਦੇ ਸੌਵੇਂ ਜਨਮ ਦਿਨ ਦੇ ਜਸ਼ਨਾਂ ਵਿਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਕਿਸੇ ਵੀ ਪ੍ਰਗਤੀਵਾਦੀ ਨੂੰ ਹੁਲਾਰਾ ਦੇ ਸਕਦੀ ਹੈ। ਪਰੰਤੂ ਇਕ ਖਦਸ਼ਾ ਵੀ ਹੈ। ਜੇ ਇਨ੍ਹਾਂ ਭੀੜਾਂ ਤਕ ਭਗਤ ਸਿੰਘ ਦੀ ਵਿਚਾਰਧਾਰਾ ਨਹੀਂ ਪਹੁੰਚਦੀ ਤਾਂ ਨਤੀਜਾ ਜ਼ੀਰੋ ਹੋ ਸਕਦਾ ਹੈ। ਨੌਜਵਾਨਾਂ ਨੂੰ ਵਰਗਲਾ ਕੇ ਕਿਸੇ ਹੋਰ ਪਾਸੇ ਵੀ ਲਾਇਆ ਜਾ ਸਕਦਾ ਹੈ। ਇਸ ਲਈ ਭਗਤ ਸਿੰਘ ਦੇ ਵਿਚਾਰਧਾਰਕ ਵਾਰਸਾਂ ਦਾ ਪਹਿਲਾ ਫ਼ਰਜ਼ ਇਹ ਹੈ ਕਿ ਹਰ ਸਾਧਨ ਵਰਤ ਕੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੇਠ ਤਕ ਲੈ ਕੇ ਜਾਇਆ ਜਾਵੇ ਤਾਂ ਕਿ ਆਮ ਜਨਤਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।

ਭਗਤ ਸਿੰਘ ਦੀ ਵਿਚਾਰਧਾਰਾ ਉਪਰ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਦੁਬਾਰਾ ਉਸਦੀਆਂ ਤੇ ਉਸ ਦੇ ਸਾਥੀਆਂ ਦੀਆਂ ਲਿਖਤਾਂ ਨੂੰ ਦੁਬਾਰਾ ਘੋਖਣਾ ਪਵੇਗਾ। ਇਸੇ ਅਮਲ ਵਿਚੋਂ ਉਸ ਦੀ ਵਿਚਾਰਧਾਰਾ ਦੇ ਕੁਝ ਸੂਤਰ ਸਾਡੇ ਹੱਥ ਆਏ ਹਨ ਜਿਨ੍ਹਾਂ ਉਪਰ ਇਥੇ ਵਿਚਾਰ ਕੀਤੀ ਜਾ ਰਹੀ ਹੈ। ਭਗਤ ਸਿੰਘ ਨੇ ਵਿਦਿਆਰਥੀ ਜੀਵਨ ਵਿਚ ਹੀ ਪੰਜਾਬੀ ਭਾਸ਼ਾ ਅਤੇ ਲਿਪੀ ਉਪਰ ਚਰਚਾ ਸ਼ੁਰੂ ਕੀਤੀ। ਭਗਤ ਸਿੰਘ ਬਾਰੇ ਜਿੰਨੀ ਵੀ ਵਿਚਾਰ ਹੋ ਰਹੀ ਹੈ ਉਸਦੇ ਇਨ੍ਹਾਂ ਵਿਚਾਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਤੇ ਕੀਤਾ ਵੀ ਜਾ ਰਿਹਾ ਹੈ। ਪਰੰਤੂ ਭਗਤ ਸਿੰਘ ਹਰ ਮਸਲੇ ਉਪਰ ਬੇਲਿਹਾਜ ਹੋ ਕੇ ਤਰਕ ਨਾਲ ਗੱਲ ਕਰਦਾ ਹੈ। ‘ਮੈਂ ਨਾਸਤਿਕ ਕਿਉਂ ਹਾਂ’ ਅਤੇ ਕਾਲ ਕੋਠੜੀ ਵਿਚੋਂ ਲਿਖੀ ‘ਡਰੀਮ ਲੈਂਡ ਦੀ ਭੂਮਿਕਾ’ ਅਤੇ 22 ਮਾਰਚ, 1931 ਨੂੰ ਦੋਸਤਾਂ ਦੇ ਨਾਂ ਲਿਖੇ ਖ਼ਤ ਤਕ ਉਸਦੀ ਇਹ ‘ਤਰਕਸ਼ੀਲ ਬੇਲਿਹਾਜ਼ੀ’ ਕਦੇ ਨਹੀਂ ਰੁਕਦੀ। ਸਾਨੂੰ ਵੀ ਗੱਲ ਤਰਕ ਨਾਲ ਨੀ ਕਰਨੀ ਚਾਹੀਦੀ ਹੈ। ਲਿਪੀ ਦੇ ਸਵਾਲ ਤੇ ਚਰਚਾ ਕਰਦਿਆਂ ਉਹ ਪੰਜਾਬ ਵਿਚ ‘ਸਾਹਿਤਕ ਰੁਚੀ ਜਾਗ੍ਰਤੀ’ ਦੀ ਘਾਟ ਮਹਿਸੂਸ ਕਰਦਾ ਹੈ। ਪ੍ਰਗਤੀਵਾਦੀ ਦੌਰ ਵਿਚ ਇਹ ਜਾਗ੍ਰਤੀ ਦੀ ਘਾਟ ਕਾਫੀ ਹੱਦ ਤਕ ਪੂਰੀ ਕੀਤੀ ਜਾਂਦੀ ਹੈ, ਪਰੰਤੂ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਇਸ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ। ਭਗਤ ਸਿੰਘ ਮਸਲੇ ਨੂੰ ਇਕ ਪਾਸੜ ਹੋਕੇ ਨਹੀਂ ਵੇਖਦਾ। ਕਿਸੇ ਭਾਸ਼ਾ ਦਾ ਕਿਸੇ ਇਕ ਸੰਪ੍ਰਦਾਇਕ ਨਾਲ ਜੁੜ ਜਾਣਾ ਮਾੜੀ ਗੱਲ ਹੈ ਪਰੰਤੂ ਇਸ ਦਾ ਇਕ ਹੋਰ ਪਹਿਲੂ ਵੀ ਹੈ ਜਿਸ ਨੂੰ ਭਗਤ ਸਿੰਘ ਹੀ ਦੇਖ ਸਕਿਆ ਹੈ। ਉਸ ਅਨੁਸਾਰ, “ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਤਾਂ ਹੋਇਆ ਕਿ ਸਿੱਖਾਂ ਦੀ ਕੱਟੜਤਾ ਨਾਲ ਪੰਜਾਬੀ ਦੀ ਰੱਖਿਆ ਹੋ ਗਈ ਅਤੇ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਥਾਂ ਬਣਾ ਲਿਆ।” 1

ਅੱਜ ਲਿਪੀ ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ ਕਿ ਗੁਰਮੁਖੀ ਲਿਪੀ ਬ੍ਰਹਮੀ ਲਿਪੀ ਤੋਂ ਸੁਤੰਤਰ ਵਿਕਾਸ ਕਰਕੇ ਬਣੀ ਹੈ ਤੇ ਦੇਵਨਾਗਰੀ ਤੋਂ ਵੀ ਪੁਰਾਤਨ ਹੈ। ਗੁਰੁ ਵਿਅਕਤੀਆਂ ਨੇ ਇਸ ਨੂੰ ਸਾਹਿਤ ਲਈ ਅਪਣਾ ਕੇ ਮਰਨ ਤੋਂ ਬਚਾ ਲਿਆ। ਜੀ. ਬੀ. ਸਿੰਘ ਅਨੁਸਾਰ, “ਭਾਵੇਂ ਗੁਰੁ ਅੰਗਦ ਦੇਵ ਜੀ ਨੇ ਗੁਰਮੁਖੀ ਵਰਣਮਾਲ਼ਾ ਤਾਂ ਨਹੀਂ ਬਣਾਈ, ਤੇ ਨਾ ਉਸ ਵਿਚ ਕੋਈ ਵਾਧਾ ਘਾਟਾ ਕੀਤਾ, ਨਾ ਕਿਸੇ ਅੱਖਰ ਦੀ ਸ਼ਕਲ ਜਾਂ ਵਰਣ ਮਾਲ਼ਾ ਵਿਚ ਕਿਸੇ ਅੱਖਰ ਦੀ ਤਰਤੀਬ ਬਦਲੀ, ਤੇ ਇਸ ਵਰਣਮਾਲ਼ਾ ਨੂੰ ‘ਗੁਰਮੁਖੀ’ ਨਾਮ ਹੀ ਦਿੱਤਾ, ਪਰ ਇਕ ਗੱਲ ਗੁਰੁ ਸਾਹਿਬਾਨ ਨੇ ਇਸ ਲਿਪੀ ਵਾਸਤੇ ਜ਼ਰੂਰ ਕੀਤੀ। ਉਹ ਇਹ ਸੀ ਕਿ ਆਪਣੇ ਦੇਸ਼ ਦੀ ਆਪਣੀ ਕੌਮ ਦੀ, ਆਪਣੇ ਧਰਮ ਦੀ ਇਕ ਮਰਦੀ ਜਾਂਦੀ ਲਿਪੀ ਵਿਚ ਨਵੇਂ ਸਿਰੇ ਜਾਨ ਪਾ ਕੇ, ਉਸਨੂੰ ਦੂਜਾ ਜਨਮ ਦੇ ਕੇ ਮਰ ਜਾਣੋਂ ਬਚਾ ਲਿਆ।” (ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਚੰਡੀਗੜ੍ਹ, ਤੀਜਾ ਸੰਸਕਰਣ 1981, ਪੰਨਾ-113.) ਪਰ ਭਗਤ ਸਿੰਘ ਸਾਹਮਣੇ ਸਵਾਲ ‘ਭਾਰਤ ਨੂੰ ਇਕ ਰਾਸ਼ਟਰ ਬਣਾਉਣ’ ਦਾ ਸੀ ਜਿਸਦੀ ਇਕ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈ। ਅਜਿਹਾ ਉਹ ਕਿਸੇ ਸੌੜੇ ਦ੍ਰਿਸ਼ਟੀ ਕੋਣ ਅਧੀਨ ਨਹੀਂ ਸੀ ਕਰ ਰਿਹਾ। ਉਹ ਗੁਰਮੁਖੀ ਲਿਪੀ ਦੀਆਂ ਸੀਮਾਵਾਂ ਦਸਦੇ ਹੋਏ ਪੰਜਾਬੀ ਨੂੰ ਦੇਵਨਾਗਰੀ ਵਿਚ ਲਿਖਣ ਦੀ ਵਕਾਲਤ ਕਰਦਾ ਹੈ। 1923-24 ਤਕ ਜਦੋਂ ਇਹ ਲੇਖ ਲਿਖਿਆ ਗਿਆ ਉਸ ਸਮੇਂ ਤਕ ਮੱਧ ਕਾਲੀ ਸਾਹਿਤ ਤੋਂ ਬਾਅਦ, ਪਰਿਵਰਤਨ ਕਾਲ ਅਤੇ ਆਧੁਨਿਕ ਕਾਲ ਵਿਚ ਵੀ ਸਿੰਘ ਸਭਾ ਲਹਿਰ ਅਧੀਨ ਬਹੁਤ ਕੁਝ ਸਿਰਜਿਆ ਜਾ ਚੁੱਕਾ ਸੀ। ਪਰ ਭਗਤ ਸਿੰਘ ਇਸ ਤੋਂ ਅਣਜਾਣ ਸੀ ਇਸੇ ਲਈ ਉਹ ਇਹ ਕਹਿੰਦਾ ਹੈ ਕਿ, “ਅਜੇ ਤਕ ਪੰਜਾਬੀ ਸਾਹਿਤਕ ਭਾਸ਼ਾ ਨਹੀਂ ਬਣ ਸਕੀ ਅਤੇ ਸਾਰੇ ਪੰਜਾਬ ਦੀ ਇਕ ਭਾਸ਼ਾ ਵੀ ਉਹ ਨਹੀਂ ਹੈ। ਗੁਰਮੁਖੀ ਲਿਪੀ ਵਿਚ ਲਿਖੀ ਜਾਣ ਵਾਲੀ ਮੱਧ ਪੰਜਾਬ ਦੀ ਬੋਲ ਚਾਲ ਦੀ ਭਾਸ਼ਾ ਨੂੰ ਇਸ ਸਮੇਂ ਤਕ ਪੰਜਾਬੀ ਕਿਹਾ ਜਾਂਦਾ ਹੈ। ਉਹ ਨਾ ਤਾਂ ਅਜੇ ਤਕ ਵਿਸ਼ੇਸ ਰੂਪ ਵਿਚ ਪ੍ਰਚਾਰਿਤ ਹੀ ਹੋ ਸਕੀ ਅਤੇ ਨਾ ਹੀ ਸਾਹਿਤਕ ਅਤੇ ਨਾ ਹੀ ਵਿਗਿਆਨਕ ਹੀ ਬਣ ਸਕੀ।”2 ਗੁਰਮੁਖੀ ਲਿਪੀ ਦੀਆਂ ਸੀਮਾਵਾਂ ਵਲ ਤਾਂ ਭਗਤ ਸਿੰਘ ਸੰਕੇਤ ਕਰਦਾ ਹੈ, ਪਰ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਵਿਚ ਪ੍ਰਗਟਾਉਣ ਸਮੇਂ ਉਸ ਦੀਆਂ ਸੀਮਾਵਾਂ ਪ੍ਰਤਿ ਅਭਿੱਜ ਹੈ। ਉਸ ਦੇ ਲੇਖ ਤੋਂ ਇਹ ਤੱਥ ਵੀ ਉਭਰਦਾ ਹੈ ਕਿ ਦੇਵਨਾਗਰੀ ਨੂੰ ਅਪਣਾਉਣ ਲਈ ਸਿੱਖ ਹੀ ਅਣਮੰਨੇ ਨਹੀਂ ਹਨ ਸਗੋਂ ਹਿੰਦੂ ਵਸੋਂ ਵੀ ਪੰਜਾਬੀ ਨੂੰ ਦੇਵਨਗਰੀ ਵਿਚ ਲਿਖਕੇ ਖੁਸ਼ ਨਹੀਂ ਹੈ। ਇਸੇ ਲਈ ਉਹ ਉਨ੍ਹਾਂ ਨੂੰ ਤਰਕ ਦਿੰਦਾ ਹੈ ਕਿ, “ਹਿੰਦੀ ਲਿਪੀ ਦੇ ਅਪਣਾਉਣ ਨਾਲ ਹੀ ਪੰਜਾਬੀ ਹਿੰਦੀ ਜਿਹੀ ਬਣ ਜਾਂਦੀ ਹੈ। ਫਿਰ ਤਾਂ ਕੋਈ ਫਰਕ ਹੀ ਨਹੀਂ ਰਹੇਗਾ ਅਤੇ ਇਸ ਦੀ ਜ਼ਰੂਰਤ ਵੀ ਹੈ। ਇਸ ਲਈ ਕਿ ਆਮ ਆਦਮੀ ਨੂੰ ਸਿਖਿਅਤ ਕੀਤਾ ਜਾ ਸਕੇ ਅਤੇ ਉਹ ਆਪਣੀ ਭਾਸ਼ਾ ਦੇ ਆਪਣੇ ਸਾਹਿਤ ਨਾਲ ਹੀ ਹੋ ਸਕਦਾ ਹੈ।3 ਭਗਤ ਸਿੰਘ ਗੁਰਮੁਖੀ ਲਿਪੀ ਤੋਂ ਇਲਾਵਾ ਹਿੰਦੀ ਪ੍ਰਦੇਸ਼ ਦੀਆਂ ਲਿਪੀਆਂ ਵਲ ਵੀ ਇਸ਼ਾਰਾ ਕਰਦਾ ਹੈ ਪਰ ਇਨ੍ਹਾਂ ਲਿਪੀਆਂ ਨੂੰ ਵੀ ਕੀ ਦੇਵਨਾਗਰੀ ਵਿਚ ਲਿਖਿਆ ਜਾਣਾ ਚਾਹੀਦਾ ਹੈ? ਇਸ ਬਾਰੇ ਉਸਨੇ ਕੁਝ ਨਹੀਂ ਕਿਹਾ। ਲੱਗਦਾ ਇਉਂ ਹੈ ਕਿ ਪੰਜਾਬੀ ਨੂੰ ਦੇਵਨਾਗਰੀ ਵਿਚ ਲਿਖਣ ਦੀ ਮੁਹਿੰਮ ਇਕ ਵੱਡੀ ਸਾਜਿਸ਼ ਦਾ ਹਿੱਸਾ ਸੀ ਜਿਸ ਅਨੁਸਾਰ ਸਿੱਖ ਆਪਣੀ ਸਾਹਿਤਕ ਤੇ ਧਾਰਮਿਕ ਵਿਰਾਸਤ ਤੋਂ ਟੁੱਟ ਜਾਣਗੇ ਅਤੇ ਹਿੰਦੂ ਵਸੋਂ ਦੇਵਨਾਗਰੀ ਲਿਪੀ ਵਿਚ ਪੰਜਾਬੀ ਨੂੰ ਅਪਣਾਏਗੀ ਹੀ ਨਹੀਂ। ਇਉਂ ਪੰਜਾਬੀ ਭਾਸ਼ਾ ਦੀ ਹੋਂਦ ਹੀ ਸਮਾਪਤ ਹੋਣ ਦਾ ਖਤਰਾ ਬਣ ਜਾਂਦਾ ਹੈ। ਸਪੱਸ਼ਟ ਹੈ ਕਿ ਵਿਦਿਆਰਥੀ ਪੱਧਰ ਤੇ ਭਗਤ ਸਿੰਘ ਦੀ ਤਰਕ ਯੋਗਤਾ ਦੀ ਝਲਕ ਤਾਂ ਇਸ ਲੇਖ ਵਿਚ ਮਿਲਦੀ ਹੈ, ਪਰੰਤੂ ਇਸ ਵਿਸ਼ੇ ਉਪਰ ਉਸ ਦਾ ਅਧਿਐਨ ਬਹੁਤਾ ਨਹੀਂ ਹੈ।

ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਲਈ ਅਸੀਂ ਉਸਦੇ ਲਿਖੇ ਮੁੱਖ ਲੇਖਾਂ ਨੂੰ ਆਧਾਰ ਬਣਾਇਆ ਹੈ। ਜਿਵੇਂ ਧਰਮ/ਸੰਪ੍ਰਦਾਇਕਤਾ ਬਾਰੇ ਉਸਦੇ ਵਿਚਾਰਾਂ ਨੂੰ ਸਮਝਣ ਲਈ ‘ਧਰਮ ਅਤੇ ਸਾਡੀ ਸੁਤੰਤਰਤਾ ਦੀ ਲੜ੍ਹਾਈ’ ਲੇਖ ਸਾਡੀ ਮਦਦ ਕਰਦਾ ਹੈ। ਧਰਮ ਨੂੰ ਸਮਝਣ ਲਈ ਭਗਤ ਸਿੰਘ ਨੇ ਟਾਲਸਟਾਇ ਦੇ ਵਿਚਾਰਾਂ ਨੂੰ ਆਪਣਾ ਆਧਾਰ ਬਣਾਇਆ ਹੈ। ਤੱਤ ਇਹ ਕੱਢਿਆ ਹੈ ਕਿ, “ਜੇਕਰ ਧਰਮ ਪਿਛਲੀ ਤੀਜੀ ਗੱਲ (ਭਾਵ ਧਾਰਮਿਕ ਰੀਤੀ ਰਿਵਾਜ਼ ਜਾਂ ਅਨੁਸ਼ਠਾਨ) ਅਤੇ ਦੂਜੀ ਗੱਲ ਦੇ ਨਾਲ (ਭਾਵ ਧਰਮ ਦਾ ਦਰਸ਼ਨ) ਦੇ ਨਾਲ ਅੰਧਵਿਸ਼ਵਾਸ ਮਿਲਾਉਣ ਦਾ ਨਾਮ ਹੈ ਤਾਂ ਧਰਮ ਦੀ ਕੋਈ ਲੋੜ ਨਹੀਂ।........ਜੇ ਪਹਿਲੀ ਗੱਲ (ਯਾਨੀ ਧਰਮ ਦੀਆਂ ਜਰੂਰੀ ਗੱਲਾਂ) ਤੇ ਦੂਜੀ (ਧਰਮ ਦਾ ਦਰਸ਼ਨ ) ਵਿਚ ਆਜ਼ਾਦ ਖਿਆਲੀ ਮਿਲਾ ਕੇ ਧਰਮ ਬਣਦਾ ਹੈ ਤਾਂ ਇਹ ਮੁਬਾਰਕ ਹੈ। ਪਰੰਤੂ ਵੱਖ-ਵੱਖ ਫਿਰਕੇਬੰਦੀ ਅਤੇ ਖਾਣ-ਪੀਣ ਦਾ ਭੇਦ-ਭਾਵ ਹਰ ਸੂਰਤ ਵਿਚ ਮਿਟਾਉਣਾ ਜ਼ਰੂਰੀ ਹੈ। ਛੂਤ ਅਛੂਤ ਲਫਜ਼ਾਂ ਨੂੰ ਜੜ੍ਹੋਂ ਕੱਢਣਾ ਪਵੇਗਾ।”4 (ਭਗਤ ਸਿੰਘ ਨੂੰ ਧਾਰਮਿਕ ਰੀਤੀ ਰਿਵਾਜ+ਧਰਮ ਦਰਸ਼ਨ+ਅੰਧ ਵਿਸ਼ਵਾਸ ਸਵੀਕਾਰ ਨਹੀਂ ਪਰ ਧਰਮ ਦੀਆਂ ਜ਼ਰੂਰੀ ਗੱਲਾਂ+ਧਰਮ ਦਾ ਦਰਸ਼ਨ+ਆਜ਼ਾਦ ਖਿਆਲੀ ਮੁਬਾਰਕ ਹੈ)

ਭਗਤ ਸਿੰਘ ਧਰਮ ਨੂੰ ਰਾਜਨੀਤੀ ਨਾਲ ਰਲਗੱਡ ਕਰਕੇ ਸੰਪ੍ਰਦਾਇਕਤਾ ਪੈਦਾ ਕਰਨ ਪ੍ਰਤੀ ਸੁਚੇਤ ਹੈ। ਨਾਲ ਹੀ ਇਸ ਬਾਰੇ ਵੀ ਸੁਚੇਤ ਹੈ ਕਿ ਫਿਰਕੂ ਫਸਾਦਾਂ ਦੇ ਕਾਰਣ ਆਰਥਿਕ ਹਨ। ਸਾਡੇ ਲਈ ਭਗਤ ਸਿੰਘ ਦੇ ਸਭ ਤੋਂ ਮਹੱਤਵਪੂਰਣ ਵਿਚਾਰ ਇਹ ਹਨ ਕਿ ਇਨ੍ਹਾਂ ਸੰਪ੍ਰਦਾਇਕ ਦੰਗਿਆਂ ਨੂੰ ਰੋਕਿਆ ਕਿਵੇਂ ਜਾਵੇ? ਸਪੱਸ਼ਟ ਉੱਤਰ ਹੈ ਲੋਕਾਂ ਵਿਚ ਜਮਾਤੀ ਚੇਤਨਾ ਪੈਦਾ ਕੀਤੀ ਜਾਵੇ। ਉਸਦੇ ਸ਼ਬਦਾਂ ਵਿਚ, “ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਸ਼ੇਣੀ ਜਾਗ੍ਰਤੀ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਨ੍ਹਾਂ ਦੇ ਹੱਥ-ਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਹੱਥੀਂ ਚੜ੍ਹ ਕੇ ਕੁਛ ਨਹੀਂ ਕਰਨਾ ਚਾਹੀਦਾ। ਸੰਸਾਰ ਦੇ ਸਾਰੇ ਗਰੀਬਾਂ ਦੇ, ਭਾਵੇਂ ਉਹ ਕਿਸੇ ਜਾਤ, ਨਸਲ, ਧਰਮ ਕੌਮ ਦੇ ਹੋਣ, ਹੱਕ ਇਕੋ ਹੀ ਹਨ। ਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀ ਧਰਮ,ਰੰਗ,ਨਸਲ ਅਤੇ ਕੌਮ ਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਸੱਤਾ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰੋ। ਇੰਨ੍ਹਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ। ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਅਤੇ ਤੁਹਾਨੂੰ ਆਰਥਿਕ ਸੁਤੰਤਰਤਾ ਮਿਲ ਜਾਵੇਗੀ।”5 ਭਗਤ ਸਿੰਘ ਨੇ ਇਹ ਗੱਲ ਵਿਸ਼ਸ ਤੌਰ ਤੇ ਨੋਟ ਕੀਤੀ ਹੈ ਕਿ ਕਲਕੱਤੇ ਦੇ ਫਸਾਦਾਂ ਵਿਚ ਟਰੇਡ ਯੂਨੀਅਨ ਦੇ ਕਿਰਤੀਆਂ ਨੇ ਹਿੱਸਾ ਨਹੀਂ ਲਿਆ। ਸਗੋਂ ਵਿੱਤ ਅਨੁਸਾਰ ਦੰਗੇ ਰੋਕਣ ਦਾ ਯਤਨ ਕੀਤਾ। ਧਰਮ ਤੇ ਰਾਜਨੀਤੀ ਨੂੰ ਵੱਖ ਕਰਨ ਦੀ ਵਕਾਲਤ ਭਗਤ ਸਿੰਘ ਨੇ ਜ਼ੋਰ ਦੇ ਕੇ ਕੀਤੀ ਹੈ ਜਿਸਦੀ ਅੱਜ ਵੀ ਲੋੜ ਹੈ।

ਭਗਤ ਸਿੰਘ ਇਹ ਗੱਲ ਨੋਟ ਕਰਦਾ ਹੈ ਕਿ ਉਸ ਦੀ ਸਮਕਾਲੀ ਹਲਚਲ ਨੇ ਹਰ ਧਰਮ ਅਤੇ ਫਿ਼ਰਕੇ ਨੂੰ ਅਛੂਤਾਂ ਲਈ ਕੁਝ ਨਾ ਕੁਝ ਕਰਨ ਲਈ ਪ੍ਰੇਰਿਆ ਹੈ। ਧਾਰਮਿਕ ਲਹਿਰਾਂ ਨੇ ਭਾਸ਼ਾਵਾਂ ਵਾਂਗ ਦਲਿਤਾਂ ਲਈ ਵੀ ਕੁਝ ਹਾਂ ਪੱਖੀ ਕੀਤਾ। ਪਰ ਭਗਤ ਸਿੰਘ ਗੱਲ ਇਤਿਹਾਸਕ ਸੰਦਰਭ ਤੋਂ ਸ਼ੁਰੂ ਕਰਦਾ ਹੈ। ਉਸ ਅਨੁਸਾਰ ਆਰੀਆਂ ਨੇ ਕੁਝ ਲੋਕਾਂ ਨੂੰ ਅਛੂਤ ਬਣਾ ਕੇ ‘ਜ਼ੁਲਮ’ ਕੀਤਾ। ਇਨ੍ਹਾਂ ਲੋਕਾਂ ਨੂੰ ਬਗ਼ਾਵਤ ਕਰਨ ਤੋਂ ਰੋਕਣ ਲਈ ‘ਪੁਨਰ ਜਨਮ’ ਦੀ ਫਿਲਾਸਫੀ ਪਰਚਾਰੀ ਜਿਸਨੇ, “ਇਨਸਾਨਾਂ ਦੇ ਅੰਦਰੋਂ ਇਨਸਾਨੀਅਤ ਦਾ ਮਾਦਾ, ਆਤਮ ਵਿਸ਼ਵਾਸ ਅਤੇ ਆਤਮ ਨਿਰਭਰਤਾ ਦਾ ਭਾਵ ਮਾਰ ਸੁੱਟਿਆ......।”6 ਭਾਵੇਂ ਸਾਰੇ ਧਰਮ ਦਲਿਤਾਂ ਨੂੰ ਆਪਣੇ ਵਿਚ ਮਿਲਾ ਕੇ ਉਪਰ ਚੁੱਕਣ ਦੀ ਗੱਲ ਕਰ ਰਹੇ ਸਨ ਪਰ ਭਗਤ ਸਿੰਘ ਤੇ ਸਾਥੀਆਂ ਦਾ ਸੁਝਾਅ ਇਸ ਤੋਂ ਵੱਖ ਸੀ। ਜਿਨ੍ਹਾਂ ਭਰਾਵਾਂ ਨੂੰ ਅੱਜ ਤੀਕ ਅਛੂਤ ਕਿਹਾ ਕਰਦੇ ਸਾਂ,....ਉਨ੍ਹਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨ ਅੰਮ੍ਰਿਤ ਛਕਾਇਆਂ ਕਲਮਾ ਪੜ੍ਹਾਇਆਂ ਜਾਂ ਸੁੱਧ ਕੀਤਿਆਂ ਹੀ ਉਸਨੂੰ ਆਪਣੇ ਵਿਚ ਰਲਾ ਲੈਣਾ, ਉਸ ਦੇ ਹੱਥ ਦਾ ਪਾਣੀ ਪੀਣਾ, ਇਹੋ ਠੀਕ ਤਰੀਕਾ ਹੈ ਤੇ ਆਪੋ ਵਿਚ ਖਿੱਚਾ ਧੁੂਹੀ ਕਰਨੀ ਤੇ ਅਮਲ ਵਿਚ ਕੋਈ ਵੀ ਹੱਕ ਨਾ ਦੇਣਾ ਕੋਈ ਠੀਕ ਗੱਲ ਨਹੀਂ ਹੈ।”7 ਸੁਧਾਰ ਆਪਣੀ ਥਾਂ ਹੈ ਪਰੰਤੂ ਭਗਤ ਸਿੰਘ ਅਛੂਤ ਕਹੇ ਜਾਂਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੋਣ ਤੇ ਸਮਾਜ ਨੂੰ ਚੈਲੰਜ ਕਰਨ ਲਈ ਕਹਿ ਰਿਹਾ ਹੈ। ਉਹ ਮੌਜੂਦਾ ਨਿਜ਼ਾਮ ਵਿਰੁੱਧ ਬਗਾਵਤ ਖੜੀ ਕਰਨ ਲਈ ਵੰਗਾਰ ਰਿਹਾ ਹੈ। “ਐਜੀਟੇਸ਼ਨ ,ਇਨਕਲਾਬ ਪੈਦਾ ਕਰ ਦਿਉ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਉ। ਤੁਸੀ ਹੀ ਤੇ ਮੁਲਕ ਦੀ ਜੜ੍ਹ ਹੋ। ਅਸਲੀ ਤਾਕਤ ਹੋ, ਉੱਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ! ਵਿਦਰੋਹ (ਤੂਫਾਨ) ਖੜ੍ਹਾ ਕਰ ਦਿਉ।”8 ਦਲਿਤਾਂ ਸੰਬੰਧੀ ਇਨ੍ਹਾਂ ਵਿਚਾਰਾਂ ਕਾਰਣ ਹੀ ਡਾ.ਚਮਨ ਲਾਲ ਇਹ ਮੰਨਦਾ ਹੈ ਕਿ ਡਾ.ਅੰਬੇਦਕਰ ਤੋਂ ਬਾਅਦ ਦਲਿਤ ਭਗਤ ਸਿੰਘ ਨੂੰ ਹੀ ਨਾਇਕ ਮੰਨ ਸਕਦੇ ਹਨ। ਲੇਖਕ ਅਨੁਸਾਰ, “ਭਗਤ ਸਿੰਘ ਅਤੇ ਕਰਾਂਤੀਕਾਰੀ ਅੰਦੋਲਨ ਦਾ ਇਕ ਮਹੱਤਵਪੂਰਣ ਪੱਖ ਇਹ ਹੈ ਕਿ ਸਮੁੱਚਤਾ ਵਿਚ ਇਹ ਜਾਤੀ ਵਿਵਸਥਾ ਅਤੇ ਸੰਪ੍ਰਦਾਇਕਤਾ ਦਾ ਵਿਰੋਧ ਕਰਦੇ ਸਨ। ਅੱਜ ਦਾ ਦਲਿਤ ਅੰਦੋਲਨ ਅੰਬੇਦਕਰ ਤੋਂ ਬਾਅਦ ਜੇ ਕਿਸੇ ਹੋਰ ਨੂੰ ਨਾਇਕ ਦਾ ਦਰਜਾ ਦੇ ਸਕਦਾ ਹੈ ਤਾਂ ਉਹ ਭਗਤ ਸਿੰਘ ਹੀ ਹੈ। ਭਗਤ ਸਿੰਘ ਦੇ ਲੇਖਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੇ ਵਧੇਰੇ ਦਲਿਤਾਂ ਦਾ ਪ੍ਰੇਮ ਤੇ ਸਮਰੱਥਨ ਪਾਇਆ ਹੈ।”8ੳ

ਭਾਈ ਰਣਧੀਰ ਸਿੰਘ ਦੇ ਸਵਾਲਾਂ ਦੇ ਜਵਾਬ ਵਿਚ ਭਗਤ ਸਿੰਘ ਦਾ ਲੇਖ ਮੈਂ ਨਾਸਤਿਕ ਕਿਉਂ ਹਾਂ? ਇਕ ਕਲਾਸੀਕਲ ਰਚਨਾ ਹੈ ਜਿਸ ਵਿਚ ਉਹ ਆਪਣੇ ਨਾਸਤਕ ਬਣਨ ਦਾ ਕਾਰਣ ਕਿਸੇ ਕਿਸਮ ਦੇ ‘ਹੰਕਾਰ’ ਨੂੰ ਨਹੀਂ ਮੰਨਦਾ ਸਗੋਂ ਉਸ ਅਨੁਸਾਰ ਉਹ ਡੂੰਘੇ ਅਧਿਐਨ ਅਤੇ ਗੰਭੀਰ ਸੋਚ ਵਿਚਾਰ ਤੋਂ ਬਾਦ ਹੀ ਨਾਸਤਕ ਬਣਿਆ ਸੀ। ਉਸ ਦੀ ਇਕ ਸਵੀਕਾਰੋਕਤੀ ਨੂੰ ਘੱਟ ਗੌਲਿਆ ਗਿਆ ਹੈ ਕਿ ਉਹ ਪਹਿਲੇ ਪੜਾਅ ਤੇ “ਸਿਰਫ ਰੁਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ।” ਅਸਲ਼ੀ ਇਨਕਲਾਬੀ ਉਹ ਕਾਫੀ ਬਾਅਦ ਵਿਚ ਬਣਿਆ। ਇਨਕਲਾਬ ਦੇ ਅਰਥ ਤਬਾਹੀ ਹੀ ਨਹੀਂ ਹੁੰਦਾ ਸਗੋਂ ਉਸਾਰੀ ਵੀ ਹੁੰਦਾ ਹੈ, ਇਸ ਦੀ ਵਿਆਖਿਆ ਉਸ ਨੇ ਡਰੀਮਲੈਂਡ ਦੀ ਭੂਮਿਕਾ ਵਿਚ ਅਤੇ ਕਈ ਹੋਰ ਥਾਈਂ ਸਪੱਸ਼ਟ ਕੀਤੀ ਹੈ। ਭਗਤ ਸਿੰਘ ਦੇ ਵਿਚਾਰ ਜੋ ਸਦਾ ਲਈ ਸੱਚ ਸਨ ਤੇ ਅੱਜ ਵੀ ਹਨ, ਉਹ ਇਹ ਕਿ ਆਲੋਚਨਾ ਅਤੇ ਸੁਤੰਤਰ ਸੋਚਣੀ ਇਨਕਲਾਬੀ ਵਿਅਕਤੀ ਦੇ ਲਾਜ਼ਮੀ ਗੁਣ ਹੁੰਦੇ ਹਨ। ਜੇ ਅੱਜ ਅਸੀਂ ਸਵੈ ਆਲੋਚਨਾ ਕਰੀਏ ਤਾਂ ਕੀ ਅਸੀਂ ਇਸ ਕਸਵੱਟੀ ਤੇ ਪੂਰੇ ਉੱਤਰਦੇ ਹਾਂ?! ਮਾਰਕਸ ਨੂੰ ਜਦ ਉਸਦੇ ਵਿਚਾਰ ਪੁੱਛੇ ਗਏ ਤਾਂ ਉਸਨੇ ਕਿਹਾ ਸੀ ‘ਹਰ ਗੱਲ ਉਪਰ ਅਵਿਸ਼ਵਾਸ਼ ਕਰਨਾ’ ਉਸਦਾ ਮੁੱਢਲਾ ਅਸੂਲ ਹੈ। ਭਗਤ ਸਿੰਘ ਉਸੇ ਦੇ ਨਕਸ਼ੇ-ਕਦਮ ਤੇ ਤੁਰ ਰਿਹਾ ਸੀ। ਉਸ ਦੇ ਆਪਣੇ ਕਹਿਣ ਅਨੁਸਾਰ, “ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ਼ ਦੀ, ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿਚ ਅਵਿਸ਼ਵਾਸ ਪ੍ਰਗਟ ਕਰਨਾ ਪਵੇਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਵੇਗਾ। ਪ੍ਰਚਲਤ ਵਿਸ਼ਵਾਸ ਦੀ ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫਲਸ਼ਫੇ ਵਿਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸਦਾ ਵਿਸ਼ਵਾਸ ਸਰਾਹਣ ਯੋਗ ਹੈ। ਉਹਦੀ ਦਲੀਲ ਗਲਤ ਜਾਂ ਉੱਕਾ ਹੀ ਬੇ ਬੁਨਿਆਦ ਹੋ ਸਕਦੀ ਹੈ ਪਰ ਉਸਨੂੰ ਦਰੁਸਤ ਰਾਹ ਉੱਤੇ ਲਿਆਂਦਾ ਜਾ ਸਕਦਾ ਹੈ ਕਿਉਂਕਿ ਤਰਕਸ਼ੀਲਤਾ ਉਸਦਾ ਧਰੂ ਤਾਰਾ ਜੋ ਹੁੰਦੀ ਹੈ। ਪਰ ਨਿਰਾ ਵਿਸ਼ਵਾਸ ਅਤੇ ਅੰਧ ਵਿਸ਼ਵਾਸ ਖਤਰਨਾਕ ਹੁੰਦਾ ਹੈ। ਇਹ ਦਿਮਾਗ ਨੂੰ ਕੁੰਦ ਕਰਦਾ ਹੈ ਅਤੇ ਬੰਦੇ ਨੂੰ ਪਿਛਾਂਹ-ਖਿੱਚੂ ਬਣਾ ਦਿੰਦਾ ਹੈ। ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਵੇਗਾ।”9 ਭਗਤ ਸਿੰਘ ‘ਰੱਬ ਲੁੱਟਣ ਵਾਲਿਆਂ ਦੀ ਤਾਕਤ ਸੀ’ ਵਿਚਾਰ ਨੂੰ ਨਹੀਂ ਮੰਨਦਾ, ਪਰ ਉਹ ਇਸ ਗੱਲ ਨਾਲ ਸਹਿਮਤ ਹੈ ਕਿ, “ਸਾਰੇ ਧਾਰਮਿਕ ਮੱਤ, ਧਰਮ ਸਿਧਾਂਤ ਅਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਆਖਰਕਾਰ ਜਾਬਰ, ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀ ਹੀ ਹੋ ਨਿਬੜਦੀਆਂ ਹਨ।”10 ਅੱਜ ਸਿੱਖ ਧਰਮ ਕੀ ਇਸੇ ਪਾਸੇ ਨਹੀਂ ਜਾ ਰਿਹਾ?! ਭਗਤ ਸਿੰਘ ਦਾ ਮੰਨਣਾ ਹੈ ਕਿ ਆਦਿ ਕਾਲ ਵਿਚ ਰੱਬ ਸੱਚੇ ਅਰਥਾਂ ਵਿਚ ਸਮਾਜ ਲਈ ਲਾਹੇਵੰਦ ਸੀ। ਔਖੀ ਘੜੀ ਵੇਲੇ ਰੱਬ ਦਾ ਵਿਚਾਰ ਬੰਦੇ ਲਈ ਮਦਦਗਾਰ ਹੁੰਦਾ ਹੈ। ਪਰੰਤੂ ਭਗਤ ਸਿੰਘ ਨੇ ਫਾਂਸੀ ਦੇ ਤਖਤੇ ਉਪਰ ਵੀ ਇਸ ਮਦਦਗਾਰ ਨੂੰ ਯਾਦ ਨਹੀਂ ਕੀਤਾ।

‘ਡਰੀਮਲੈਂਡ ਦੀ ਭੂਮਿਕਾ’ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਭਗਤ ਸਿੰਘ ਨੇ ‘ਫਾਂਸੀ ਦੀ ਕੋਠੀ’ ਵਿਚ ਬੈਠਿਆਂ ਲਿਖੀ, 15 ਜਨਵਰੀ, 1931 ਨੂੰ। ਫਾਂਸੀ ਚੜ੍ਹਨ ਦੇ ਕੇਵਲ ਸਵਾ ਦੋ ਮਹੀਨੇ ਪਹਿਲਾਂ। ਇਸ ਸਮੇਂ ਜਦੋਂ ਕੈਦੀ ਮੌਤ, ਅਗਲੇ ਜਨਮ ਜਾਂ ਜਾਨ ਬਚਾਉਣ ਬਾਰੇ ਸੋਚਦਾ ਹੈ, ਉਸ ਸਮੇਂ ਭਗਤ ਸਿੰਘ ਇਨਕਲਾਬ ਦੀ ਪਰਿਭਾਸ਼ਾ ਅਤੇ ਮਾਨਸਿਕ ਤੇ ਸਰੀਰਕ ਕਿਰਤ ਬਾਰੇ ਚਰਚਾ ਕਰ ਰਿਹਾ ਹੈ। ਉਹ ਆਪਣੀ ਸਾਹਿਤ ਬਾਰੇ ਸਮਝ ਦੀ ਸੀਮਾ ਅਤੇ ਰਾਮਸਰਨ ਦਾਸ ਦੀ ਵਿਚਾਰਧਾਰਾ ਦੀ ਸੀਮਾ ਦੇ ਕਾਰਣਾਂ ਨੂੰ ਸਪੱਸ਼ਟ ਕਰ ਰਿਹਾ ਹੈ। ਭਗਤ ਸਿੰਘ ਦਾ ਇਹ ਸੰਤੁਲਨ ਫਾਂਸੀ ਲੱਗਣ ਤੋਂ ਇਕ ਦਿਨ ਪਹਿਲਾਂ ਲਿਖੇ ਖਤ ਤਕ ਬਣਿਆ ਰਹਿੰਦਾ ਹੈ। ਇਸੇ ਲਈ ਉਹ ਸ਼ਹੀਦੇ-ਆਜ਼ਮ ਹੈ। ਉਹ ਲਿਖਦਾ ਹੈ, “ਬਾਲਸ਼ਵਿਕਾਂ ਨੂੰ ਵੀ ਇਹ ਗੱਲ ਮੰਨਣੀ ਪਈ ਸੀ ਕਿ ਮਾਨਸਿਕ ਕਿਰਤ, ਜਿਸਮਾਨੀ ਕਿਰਤ ਜਿੰਨੀ ਹੀ ਉਤਪਾਦਕ ਹੁੰਦੀ ਹੈ ਅਤੇ ਭਵਿੱਖ ਦੇ (ਸਾਮਵਾਦੀ) ਸਮਾਜ ਵਿਚ ਜਦ ਸਮਾਜ ਦੇ ਵੱਖ ਵੱਖ ਤੱਤਾਂ ਦੇ ਰਿਸ਼ਤੇ ਬਰਾਬਰੀ ਦੇ ਆਧਾਰ ਤੇ ਕਾਇਮ ਹੋਣਗੇ ਤਾਂ ਉਦੋਂ ਉਤਪਾਦਕ ਤੇ ਵਿਤਰਕ ਇਕੋ ਜਿੰਨੇ ਅਹਿਮ ਸਮਝੇ ਜਾਣਗੇ। ਤੁਸੀਂ ਕਿਸੇ ਜਹਾਜ਼ੀ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਹਰ ਚੌਵੀ ਘੰਟਿਆਂ ਮਗਰੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆਪਣੀ ਚਾਰ ਘੰਟਿਆਂ ਦੀ ਦਿਹਾੜੀ ਕਰਕੇ ਚਲਾ ਜਾਵੇ ਜਾਂ ਕੋਈ ਸਾਇੰਸਦਾਨ ਆਪਣੀ ਪ੍ਰਯੋਗਸ਼ਾਲਾ ਤੇ ਆਪਣਾ ਪ੍ਰਯੋਗ (ਕੰਮ) ਛੱਡ ਕੇ ਖੇਤਾਂ ਨੂੰ ਆਪਣੇ ਹਿੱਸੇ ਦਾ ਕੰਮ ਕਰਨ ਚਲਾ ਜਾਏ।। ਜਹਾਜ਼ੀ ਅਤੇ ਸਾਇੰਸਦਾਨ ਇਕੋ ਜਿੰਨੀ ਉਤਪਾਦਕ ਕਿਰਤ ਕਰਦੇ ਹਨ। ਸਮਾਜਵਾਦੀ ਸਮਾਜ ਸਿਰਫ਼ ਇਕੋ ਫ਼ਰਕ ਦੀ ਆਸ ਕਰਦਾ ਹੈ ਕਿ ਇਸ ਵਿਚ ਮਾਨਸਿਕ ਕੰਮ ਕਰਨ ਵਾਲਿਆਂ ਨੂੰ ਜਿਸਮਾਨੀ ਕੰਮ ਕਰਨ ਵਾਲਿਆਂ ਨਾਲੋਂ ਚੰਗਾ ਨਹੀਂ ਸਮਝਿਆ ਜਾਵੇਗਾ।”11 ਜਿਹੜੀ ਗੱਲ ਭਗਤ ਸਿੰਘ 1931 ਵਿਚ ਸਮਝ ਰਿਹਾ ਸੀ ਉਸਨੂੰ ਨਾ ਸਮਝ ਕੇ ਚੀਨ ਵਿਚ ਸਭਿਆਚਾਰਕ ਇਨਕਲਾਬ ਸਮੇਂ ਲੇਖਕਾਂ/ਕਲਾਕਾਰਾਂ ਨਾਲ ਜਿ਼ਆਦਤੀਆਂ ਕੀਤੀਆਂ ਗਈਆਂ ਜਿਨ੍ਹਾਂ ਦਾ ਇਜ਼ਹਾਰ ਲੇਖਕਾਂ ਤੇ ਕਲਾਕਾਰਾਂ ਨੇ ਸਭਿਆਚਾਰਕ ਇਨਕਲਾਬ ਦਾ ਸਮਾਂ ਬੀਤਣ ਤੋਂ ਬਾਅਦ ਆਪਣੀਆਂ ਅਨੇਕਾਂ ਲਿਖਤਾਂ ਵਿਚ ਕੀਤਾ ਹੈ ਜੋ ਅਜੇ ਤਕ ਸਾਡੇ ਕੋਲ਼ ਪਹੁੰਚ ਰਹੀਆਂ ਹਨ।

ਅਜਿਹੇ ਸਮਾਜ ਦੀ ਰਚਨਾ ਲਈ ਨੌਜਵਾਨ ਸਿਆਸੀ ਕਾਰਕੁੰਨਾਂ ਦੇ ਖ਼ਤ ਵਿਚ ਕੀਤੇ ਜਾਣ ਵਾਲੇ ਕਾਰਜਾਂ ਦਾ ਬਿਉਰਾ ਹੈ। ਇਸ ਖ਼ਤ ਵਿਚ ਸਮਾਜ ਦੀ ਸਿਰਜਣਾ ਲਈ ‘ਮਾਰਕਸੀ’ ਢੰਗ ਤਰੀਕੇ ਵਰਤਣ ਦਾ ਅਹਿਦ ਹੈ। ਸਮਝੌਤੇ ਦੀ ਵਿਚਾਰਧਾਰਾ ਬਾਰੇ ਸਪੱਸ਼ਟਤਾ ਹੈ, ਅਸਲੀਅਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਹੋਕਾ ਹੈ, ਦਹਿਸ਼ਦ ਪਸੰਦੀ ਬਾਰੇ ਇੰਕਸ਼ਾਫ ਵੀ ਹੈ ਤੇ ਇਸ ਬਾਰੇ ਚਰਚਾ ਵੀ ਅਤੇ ਅੰਤ ਵਿਚ ਭਾਰਤ ਵਿਚ ਕਿਰਤੀ ਦੇ ਰਾਜ ਤੋਂ ਘੱਟ ਕੁਝ ਵੀ ਹੋਰ ਪ੍ਰਾਪਤ ਕਰਨ ਤੋਂ ਇਨਕਾਰ ਹੈ। ਸਮਝੌਤੇ ਬਾਰੇ ਲੈਨਿਨ ਦੇ ਵਿਚਾਰਾਂ ਨੂੰ ਅਗਾਂਹ ਵਧਾਇਆ ਗਿਆ ਹੈ। ਇਸਦਾ ਪ੍ਰਸੰਗ ਗਾਂਧੀ ਦੀ ਸਮਝੌਤਾਵਾਦੀ ਰਾਜਨੀਤੀ ਸੀ। ਸਮਝੌਤੇ ਨੂੰ ‘ਆਖਰੀ ਆਰਾਮ ਦਾ ਥਾਂ’ ਨਹੀਂ ਮੰਨਿਆ ਗਿਆ ਤੇ ਨਾ ਹੀ ਇਸ ਨੂੰ ‘ਗੋਡੇ ਟੇਕਣਾ’ ਕਿਹਾ ਗਿਆ ਹੈ। “ਸਾਡੇ ਲਈ ਸਮਝੌਤਾ ਗੋਡੇ ਟੇਕਣਾ ਨਹੀਂ ਹੈ, ਸਗੋਂ ਇਕ ਕਦਮ ਅੱਗੇ ਤੇ ਫਿਰ ਕੁਝ ਆਰਾਮ....ਪਰ ਨਾਲ ਹੀ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਾ ਇਸ ਤੋਂ ਵਧ ਹੋਰ ਕੁਝ ਨਹੀਂ। ਇਹ ਆਖਰੀ ਮੰਤਵ ਤੇ ਆਖ਼ਰੀ ਆਰਾਮ ਦੀ ਥਾਂ ਨਹੀਂ ਹੈ।”12

ਇਨਕਲਾਬ ਦੇ ਆਉਣ ਦੀਆਂ ਪ੍ਰਸਥਿਤੀਆਂ ਬਾਰੇ ਭਗਤ ਸਿੰਘ ਜਿੰਨਾ ਸਪੱਸ਼ਟ ਹੈ, ਉਸ ਦੇ ਕਈ ਵਾਰਿਸ ਉਸ ਵਲ ਧਿਆਨ ਦੇਣਾ ਵੀ ਠੀਕ ਨਹੀਂ ਸਮਝਦੇ। ਭਗਤ ਸਿੰਘ ਅਨੁਸਾਰ,“ਇਨਕਲਾਬ ਬਹੁਤ ਮੁਸ਼ਕਿਲ ਕੰਮ ਹੈ। ਕਿਸੇ ਇਕ ਆਦਮੀ ਦੇ ਵਸ ਤੋਂ ਬਾਹਰੀ ਗੱਲ ਹੈ। ਨਾ ਹੀ ਇਹ ਕਿਸੇ ਮਿਥੀ ਹੋਈ ਤਾਰੀਕ ਨੂੰ ਆ ਸਕਦਾ ਹੈ, ਇਹ ਤਾਂ ਖ਼ਾਸ ਸਮਾਜੀ ਤੇ ਆਰਥਿਕ ਹਾਲਤ ਵਿਚੋਂ ਪੈਦਾ ਹੁੰਦਾ ਹੈ ਤੇ ਇਕ ਜਥੇਬੰਦ ਪਾਰਟੀ ਨੇ ਅਜਿਹੇ ਮੌਕੇ ਨੂੰ ਸਾਂਭਣਾ ਹੁੰਦਾ ਹੈ। ਜਨਤਾ ਨੂੰ ਤਿਆਰ ਕਰਨਾ ਹੁੰਦਾ ਹੈ ਅਤੇ ਇਨਕਲਾਬ ਦੇ ਮੁਸ਼ਕਲ ਕੰਮ ਲਈ ਸਭ ਸ਼ਕਤੀਆਂ ਨੂੰ ਸੰਗਠਿਤ ਕਰਨਾ ਹੁੰਦਾ ਹੈ। ਇਸ ਸਾਰੇ ਲਈ ਇਨਕਲਾਬੀ ਕਾਰਕੁੰਨਾਂ ਨੂੰ ਬਹੁਤ ਹੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ।”13 ਦਹਿਸ਼ਤਵਾਦ ਦੀਆਂ ਸੀਮਾਵਾਂ ਨੂੰ ਦਰਸਾਉਣ ਤੋਂ ਪਹਿਲਾਂ ਭਗਤ ਆਪਣੇ ਬਾਰੇ ਸਪੱਸ਼ਟ ਐਲਾਨ ਕਰਦਾ ਹੈ ਕਿ, “ਨਾਂ ਮੈਂ ਦਹਿਸ਼ਤ ਪਸੰਦ ਹਾਂ ਅਤੇ ਨਾਂ ਹੀ ਸਾਂ, ਸਿਰਫ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਦੇ ਸਿਵਾਇ। ਅਤੇ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਅਸੀਂ ਇਨ੍ਹਾਂ ਤਰੀਕਿਆਂ ਰਾਹੀਂ ਕੁਝ ਵੀ ਪ੍ਰਾਪਤ ਨਹੀੰਂ ਕਰ ਸਕਦੇ।”14 ਭਗਤ ਸਿੰਘ ਆਪਣੇ ਸਮੇਂ ਆਤੰਕਵਾਦ ਦੇ ਨਤੀਜਿਆਂ ਬਾਰੇ ਵੀ ਸਾਫ਼ ਸੀ। “ਆਤੰਕਵਾਦ ਵੱਧ ਤੋਂ ਵੱਧ ਸਾਮਰਾਜੀ ਤਾਕਤਾਂ ਨੂੰ ਕਾਂਗਰਸ ਪਾਰਟੀ ਨਾਲ ਸੁਲਹ ਵਾਸਤੇ ਮਜਬੂਰ ਕਰ ਸਕਦਾ ਹੈ। ਅਜਿਹੀਆਂ ਸੁਲਹ ਸਫ਼ਾਈਆਂ ਸਾਡੇ ਉਦੇਸ਼ ਪੂਰਣ ਆਜ਼ਾਦੀ ਤੋਂ ਹਮੇਸ਼ਾ ਕਿਤੇ ਉਰੇ ਰਹਿਣਗੀਆਂ।” ਅੰਗਰੇਜ਼ ਵਲੋਂ ਕਾਂਗਰਸ ਨਾਲ ਕੀਤੇ ਸਮਝੌਤੇ ਅਤੇ ਬਾਅਦ ਵਿਚ ਪੰਜਾਬ ਦੇ ਪ੍ਰਸੰਗ ਵਿਚ ਚਲੀਆਂ ਸੱਜੀਆਂ, ਖੱਬੀਆਂ ਆਤੰਕਵਾਦੀ ਲਹਿਰਾਂ ਨੇ ਵੀ ਅਜਿਹੇ ਨਤੀਜੇ ਹੀ ਕੱਢੇ ਹਨ। ਭਗਤ ਸਿੰਘ ਦੀ ਸਪੱਸ਼ਟਤਾ ਸਾਡੀ ਰਾਹ ਦਸੇਰੀ ਬਣਨੀ ਚਾਹੀਦੀ ਹੈ, ਨਾਂ ਕਿ ਉਸਦਾ ਨਾਂ ਲੈ ਕੇ ਅਸੀਂ ਗਲਤੀਆਂ ਬਾਰ ਬਾਰ ਦੁਹਰਾਈਏ।

ਸਰ ਅਬਦੁਲ ਕਾਦਰ ਅਤੇ ਪ੍ਰੋ. ਈਸਵਰ ਚੰਦ ਨੰਦਾ (ਸਾਇਦ ਇਹ ਸਾਡਾ ਪੰਜਾਬੀ ਦੇ ਨਾਟਕ ਦਾ ਪਿਤਾਮਾ ਆਈ.ਸੀ.ਨੰਦਾ ਹੀ ਹੈ) ਵਲੋਂ ਵਿਦਿਆਰਥੀਆਂ ਨੂੰ ਪਾਲਿਟਿਕਸ ਵਿਚ ਜਾਣ ਤੋਂ ਰੋਕਣ ਕਰਕੇ ਭਗਤ ਸਿੰਘ ਨੇ ਤਿੱਖਾ ਵਿਅੰਗਆਤਮਕ ਪ੍ਰਤਿਕਰਮ ਕਰਕੇ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਹਿੱਸਾ ਲੈਣ ਦੀ ਵਕਾਲਤ ਕੀਤੀ। ਭਗਤ ਸਿੰਘ ਹੋਰਨਾਂ ਮਸਲਿਆਂ ਵਾਂਗਵਿਦਿਆਥੀਆਂ ਦੇ ਰਾਜਨੀਤੀ ਚਿਣ ਜਾਣ ਬਾਰੇ ਵੀ ਸਾਫ਼ ਹੈ। “ਇਹ ਅਸੀਂ ਮੰਨਦੇ ਹਾਂ ਕਿ ਵਿਦਿਆਰਥੀ ਦਾ ਮੁੱਖ ਕੰਮ ਵਿਦਿਆ ਪੜ੍ਹਨਾ ਹੈ। ਉਸ ਨੂੰ ਸਾਰੀ ਤਵੱਜੋ ਉਸ ਪਾਸੇ ਵਲ ਲਾ ਦੇਣੀ ਚਾਹੀਦੀ ਹੈ। ਪਰ ਕੀ ਦੇਸ਼ ਦੇ ਹਾਲਾਤ ਦਾ ਗਿਆਨ ਅਤੇ ਉਨ੍ਹਾਂ ਦੇ ਸੁਧਾਰ ਤੇ ਉਪਾਅ ਸੋਚਣ ਦੀ ਯੋਗਤਾ ਪੈਦਾ ਕਰਨਾ ਉਸੇ ਵਿਦਿਆ ਵਿਚ ਸ਼ਾਮਲ ਨਹੀ? ਜੇ ਨਹੀਂ ਤਾਂ ਅਸੀਂ ਉਸ ਵਿਦਿਆ ਨੂੰ ਵੀ ਨਿਕੰਮਾ ਸਮਝਦੇ ਹਾਂ ਜਿਹੜੀ ਕੇਵਲ ਕਲਰਕੀ ਕਰਨ ਵਾਸਤੇ ਹੀ ਕੀਤੀ ਜਾਵੇ। ਐਸੀ ਵਿਦਿਆ ਦੀ ਲੋੜ ਹੀ ਕੀ ਹੈ?”16

ਆਪਣੇ ਸਮੇਂ ਵਿਚ ਸੁਭਾਸ਼ ਨਾਲੋਂ ਵੀ ਵਧੇਰੇ ਭਗਤ ਸਿੰਘ ਜਵਾਹਰ ਲਾਲ ਨਹਿਰੂ ਦੇ ਵਿਚਾਰਾਂ ਨੂੰ ਅਪਣਾਉਣ ਤੇ ਜ਼ੋਰ ਦਿੰਦੇ ਹਨ ਕਿਉਂਕਿ ਨਹਿਰੂ ਇਨ੍ਹਾਂ ਵਿਚਾਰਾਂ ਦਾ ਸੀ ਕਿ, “ਕੋਈ ਗੱਲ ਜੋ ਆਪਣੀ ਸਮਝ ਦੀ ਪਰਖ ਨਾਲ ਠੀਕ ਨਾ ਸਾਬਤ ਹੋਵੇ, ਉਸਨੂੰ ਚਾਹੇ ਵੇਦ ਅਤੇ ਕੁਰਾਨ ਵਿਚ ਕਿੱਡਾ ਚੰਗਾ ਹੀ ਕਿਹਾ ਗਿਆ ਹੋਵੇ, ਨਹੀਂ ਮੰਨਣੀ ਚਾਹੀਦੀ।”17 ਜਾਂ “ਅਸਲੀ ਦੁਨੀਆਂ ਪਿੱਛੇ (ਕੁਰਾਨ ਜਾਂ ਵੇਦਾਂ ਦੇ ਸਮੇਂ) ਨਹੀਂ ਮੁੜ ਸਕਦੀ।” ਭਗਤ ਸਿੰਘ ਦੇ ਉਪਰੋਕਤ ਵਿਚਾਰਾਂ ਦੇ ਹੁੰਦਿਆਂ ਹੋਇਆਂ ਕੋਈ ਵੀ ਉਸਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਪਰ ਭਗਤ ਸਿੰਘ ਦੀ ਵਿਚਾਰਧਾਰਕ ਵਿਰਾਸਤ ਨੂੰ ਸਾਂਭਣ ਵਲਿਆਂ ਨੂੰ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਭਗਤ ਸਿੰਘ ਫਾਂਸੀ ਚੜ੍ਹਨ ਤੋਂ ਪਹਿਲਾਂ ਤਕ ਆਪਣੇ ਵਿਚਾਰਾਂ ਬਾਰੇ ਸਪੱਸ਼ਟ ਸੀ ਕਿ ਉਸ ਦੇ ਸਰੀਰ ਨੰ ਨਸ਼ਟ ਕੀਤਾ ਜਾ ਸਕਦਾ ਹੈ ਪਰੰਤੂ ਉਸਦੇ ਵਿਚਾਰਾਂ ਨੂੰ ਮਾਰਨਾ ਸਾਮਰਾਜ ਦੇ ਵੱਸ ਦੀ ਗੱਲ ਨਹੀਂ। ਸੌ ਸਾਲਾ ਜਨਮ ਦਿਨ ਉਪਰ ਮਿਲੇ ਹੁੰਗਾਰੇ ਨੇ ਇਸ ਦਾਅਵੇ ਨੂੰ ਸੱਚ ਵੀ ਕੀਤਾ ਹੈ। “ਦੇਸ਼ ਭਗਤੀ ਲਈ ਇਹ (ਫ਼ਾਂਸੀ) ਸਭ ਤੋਂ ਵੱਡਾ ਇਨਾਮ ਹੈ ਅਤੇ ਮੈਨੂੰ ਮਾਣ ਹੈ ਕਿ ਮੈਨੂੰ ਇਹ ਇਨਾਮ ਮਿਲ ਰਿਹਾ ਹੈ। ਉਹ ਸੋਚਦੇ ਹਨ ਕਿ ਮੇਰੇ ਸਰੀਰ ਨੂੰ ਖਤਮ ਕਰਕੇ ਉਹ (ਅੰਗ੍ਰੇਜ) ਸੁਰੱਖਿਅਤ ਹੋ ਜਾਣਗੇ। ਪਰ ਇਹ ਉਨ੍ਹਾਂ ਦੀ ਭੁੱਲ ਹੈ। ਉਹ ਮੈਨੂੰ ਤਾਂ ਮਾਰ ਸਕਦੇ ਹਨ, ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ।18

ਸ਼ਿਵ ਵਰਮਾ ਨੂੰ ਕਹੇ ਭਗਤ ਸਿੰਘ ਦੇ ਇਹ ਸ਼ਬਦ ਅੱਜ ਵੀ ਓਨੇ ਹੀ ਸੱਚੇ ਹਨ। ਜੇ ਉਸਦੇ ਵਿਚਾਰਾਂ ਨੂੰ ਸਾਮਰਾਜ ਨਹੀਂ ਮਾਰ ਸਕਿਅਆ ਤਾਂ ਨਵਸਮਾਜਵਾਦ ਵੀ ਅਜਿਹਾ ਕਰਨ ਵਿਚ ਸਮਰੱਥ ਨਹੀਂ ਹੋ ਸਕਦਾ। ਭਗਤ ਸਿੰਘ ਦੀ ਵਿਚਾਰਧਾਰਕ ਵਿਰਾਸਤ ਨੂੰ ਸੁਜਾਨ ਸਿੰਘ ਸਮੇਤ ਸਮੁੱਚੇ ਪੰਜਾਬੀ ਦੇ ਪ੍ਰਤਿਬੱਧ ਸਾਹਿਤਕਾਰਾਂ ਨੇ ਆਪਣੀ ਸਿਰਜਣਾ ਦਾ ਹਿੱਸਾ ਬਣਾਇਆ ਹੈ। ਪੰਜਾਬੀ ਦੇ ਆਲੋਚਕ ਸੁਜਾਨ ਸਿੰਘ ਦੀਆਂ ਕਹਾਣੀਆਂ ਨੂੰ ਦੋ ਪੜਾਵਾਂ ਵਿਚ ਵੰਡਦੇ ਹਨ। ਉਸਦੇ ਪਹਿਲੇ ਪੜਾਅ ਨੂੰ ਆਦਰਸਵਾਦੀ ਉਪਭਾਵੁਕ ਰੁਮਾਂਟਿਕ ਅਤੇ ਸੁਧਾਰਵਾਦੀ ਪੜਾਅ ਕਿਹਾ ਗਿਆ ਹੈ। ਅਤੇ ਦੂਜੇ ਪੜਾਅ ਨੂੰ ਯਥਾਰਥਵਾਦੀ ਜਾਂ ਪ੍ਰਤਿਬੱਧਤਾ ਦਾ ਪੜਾਅ ਮੰਨਿਆ ਗਿਆ ਹੈ। ਸੁਜਾਨ ਸਿੰਘ ਆਪ ਲਿਖਦਾ ਹੈ ਕਿ “ਮੈਂ ਜਤਨ ਕਰਦਾ ਹਾਂ ਕਿ ਲਗਦੀ ਵਾਹ ਜਾਲਮ ਟੋਲੇ ਦਾ ਹਮਾਇਤੀ ਨਾ ਬਣਦਾ ਹੋਇਆ ਸਗੋਂ ਉਸਦੇ ਬੇਰਹਿਮ ਹੱਥ ਨੂੰ ਰੋਕਦਾ ਹੋਇਆ ਸਰਬ ਸਾਹਿਤ ਲਿਖਾਂ। ਭਾਰਤ ਦੇ ਕਰੋੜਾਂ ਮਿਹਨਤਕਸ਼ ਇਨਸਾਨਾਂ ਦੇ ਹਿੱਤ ਵਿਚ ਲਿਖਣਾ ਮੇਰਾ ਧਰਮ ਹੈ।”

ਕਿਰਪਾਲ ਸਿੰਘ ਕਸੇਲ ਨੇ ਸੁਜਾਨ ਸਿੰਘ ਦੇ ਦੂਜੇ ਪੜਾਅ ਨੂੰ ਪਹਿਲੇ ਪੜਾਅ ਤੋਂ ਵੱਖ ਵੇਖਦਿਆਂ ਹੋਇਆਂ ਲਿਖਿਆ ਹੈ ਕਿ, “ਇਸ ਪੜਾਅ ਉੱਤੇ ਉਹ ਆਪਣੇ ਪਾਤਰਾਂ ਦੇ ਵਿਚਾਰਾਂ ਅਤੇ ਭਾਵਾਂ ਬਾਰੇ ਇਤਨਾ ਚੇਤੰਨ ਹੈ ਕਿ ਲਗਭਗ ਹਰ ਕਹਾਣੀ ਵਿਚ ਉਹ ਉਨ੍ਹਾਂ ਦੇ ਸੁਭਾਅ ਦੇ ਮੱਧ ਸ਼੍ਰੇਣਿਕ ਖ਼ੋਟ ਨੂੰ ਨੰਗਾ ਕਰਕੇ ਸੋਧਦਾ ਹੈ ਤੇ ਪ੍ਰਗਤੀਵਾਦੀ ਵਿਚਾਰ ਅਤੇ ਅਮਲ ਦੁਆਰਾ ਸੱਚੇ ਸਮਾਜਵਾਦੀ ਤੇ ਕਿਰਤੀ ਕਿਰਦਾਰ ਨੂੰ ਸਾਹਮਣੇ ਲਿਆਉਂਦਾ ਹੈ। ਇਸ ਦੌਰ ਵਿਚ ਆਰੰਭਕ ਕਾਲ ਦਾ ਆਦਰਸ਼ਵਾਦੀ ਮਾਨਵਵਾਦ ਹੁਣ ਪ੍ਰਗਤੀਵਾਦੀ ਮਾਨਵਵਾਦ ਜਾਂ ਕਿਰਤੀ ਮਾਨਵਵਾਦ ਦਾ ਰੂਪ ਧਾਰਨ ਕਰ ਗਿਆ ਹੈ”19 । ਡਾ. ਅਜੀਤ ਸਿੰਘ ਸੁਜਾਨ ਸਿੰਘ ਦੀ ਪ੍ਰਤਿਬੱਧਤਾ ਨੂੰ ਉਸਦੀ ਕਹਾਣੀ ਦੀ ਹੋਂਦ ਨਾਲ ਜੋੜਕੇ ਵੇਖਦਾ ਹੈ। ਉਸ ਅਨੁਸਾਰ ਸੁਜਾਨ ਸਿੰਘ ਦੀ “ਵਚਨਬੱਧਤਾ ਲੋਕ ਹਿਤੂ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹ, ਹੱਲਾਸ਼ੇਰੀ ਪ੍ਰੇਰਨਾ ਤੇ ਸਾਹਸ ਦਿੰਦੀ ਹੈ...ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਹਾਣੀਕਾਰ ਸੁਜਾਨ ਸਿੰਘ ਜੇ ਜਿਉਂਦਾ ਰਹਿ ਸਕੇਗਾ ਤਾਂ ਕੇਵਲ ਇਸ ਲਈ ਕਿ ਉਹ ਇਕ ਵਚਨਬੱਧ ਕਹਾਣੀਕਾਰ ਹੈ।”20

ਸੁਜਾਨ ਸਿੰਘ ਗਲਤ ਕਦਰਾਂ ਕੀਮਤਾਂ ਦਾ ਪਰਦਾ ਫਾਸ਼ ਕਰਦਾ ਹੈ (ਪਰਦਾ), ਮਜ਼ਦੂਰਾਂ ਦੇ ਸਾਂਝੇ ਹਿਤਾਂ ਦੀ ਬਾਤ ਪਾਉਂਦਾ ਹੈ। ਨਾ-ਬਰਾਰਬੀ ਵਾਲੀਆਂ ਆਰਥਿਕ ਸਥਿਤੀਆਂ ਨੂੰ ਚਿੱਤਰਦਾ ਹੈ, ਪਾਖੰਡੀ ਸਾਧਾਂ ਦੇ ਦੰਭਾਂ ਦੇ ਪਾਜ ਉਘਾੜਦਾ ਹੈ, ਪੈਸੇ ਦੀਆਂ ਕਦਰਾਂ ਨੂੰ ਸਕੈਨ ਹੇਠ ਲਿਆਂਦਾ ਹੈ, ਮਜ਼ਦੂਰਾਂ (ਰਿਕਸ਼ ਚਾਲਕਾਂ) ਦਾ ਹੱਕ ਪੂਰਦਾ ਹੈ, ਆਰਥਿਕ ਲੁੱਟ ਨੂੰ ਸਪੱਸ਼ਟ ਕਰਦਾ ਹੈ। ਉਹ ਜਾਤ-ਪਾਤੀ ਸਿਸਟਮ ਨੂੰ ਨਕਾਰਦਾ ਹੈ, ਔਰਤਾਂ ਦੇ ਪੱਖ ਵਿਚ ਖੜਾ ਦਿਖਾਈ ਦਿੰਦਾ ਹੈ, ਜਾਇਦਾਦੀ ਰਿਸ਼ਤਿਆਂ ਦੇ ਕੱਜ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਅੰਧ ਵਿਸ਼ਵਾਸ਼ਾਂ ਦਾ ਵਿਸ਼ਸਲੇਸ਼ਣ ਕਰਕੇ ਇਨ੍ਹਾਂ ਤੋਂ ਪਾਰ ਜਾਣ ਦੀ ਗੱਲ ਕਰਦਾ ਹੈ।

ਸੁਜਾਨ ਸਿੰਘ ਉਸ ਸਮਾਜਿਕ ਸਥਿਤੀ ਨੂੰ ਉਲਟਣਾ ਚਾਹੁੰਦਾ ਹੈ ਜਿਸ ਵਿਚ ਅਮੀਰ ਗਰੀਬ ਦੇ ਪਾੜੇ ਹਨ। ਉਹ ਅਮੀਰਾਂ ਦੀ ਪੈਸੇ ਦੀ ਅੰਨ੍ਹੀ ਦੌੜ ਨੂੰ ਨਿੰਦਦਾ ਹੈ ਜੋ ਮਨੁੱਖੀ ਹਿੱਤਾਂ ਨੂੰ ਅਖੋਂ ਪਰੋਖੇ ਕਰਦੀ ਹੈ। ਲੇਖਕ ਸਮਕਾਲੀ ਸਮਾਜ ਦੇ ਅੰਤਰ ਵਿਰੋਧਾਂ ਨੂੰ ਫੜਨ ਲਈ ਯਤਨਸ਼ੀਲ ਹੈ। ਸੁਜਾਨ ਸਿੰਘ ਯਥਾਰਥਵਾਦ ਦਾ ਕਾਇਲ ਹੈ ਇਸੇ ਲਈ ਉਹ ਕਹਿੰਦਾ ਹੈ, “ਲੁਟੇਰੇ ਨੂੰ ਲੁਟੇਰਾ ਨਾ ਕਹਿਣਾ ਯਥਾਰਥਵਾਦ ਨਹੀਂ, ਲੁੱਟੇ ਜਾਣ ਵਾਲੇ ਨੂੰ ਸੁਖੀ ਕਹਿਣਾ ਸਤਯ ਨਹੀਂ।” ਇਸੇ ਸੂਤਰ ਅਨੁਸਾਰ ਹੀ ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਨੂੰ ਸੇਧ ਵਿਚ ਰੱਖਿਆ ਹੈ।

ਆਪਣੀ ਵਿਚਾਰਧਾਰਕ ਪਹੁੰਚ ਅਨੁਸਾਰ ਸੁਜਾਨ ਸਿੰਘ ਮੌਜੂਦਾ ਜਾਇਦਾਦੀ ਰਿਸ਼ਤਿਆਂ ਦੀ ਥਾਂ ਸਮਾਜਵਾਦੀ ਰਿਸ਼ਤਿਆਂ ਦੀ ਸਥਾਪਤੀ ਚਾਹੁੰਦਾ ਹੈ। ਸੁਜਾਨ ਸਿੰਘ ਮਜਦੂਰ ਵਰਗ ਦੇ ਨਾਲ ਕਿਸਾਨੀ ਅਤੇ ਹੇਠਲੀ ਮੱਧ ਵਰਗੀ ਸ਼੍ਰੇਣੀ ਦੀਆਂ ਸਮੱਸਿਆਵਾਂ ਨੂੰ ਵੀ, ਵਿਸ਼ੇਸ ਤੌਰ ਤੇ ਆਰਥਿਕ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦਾ ਹੈ। ਕੁਲਫੀ ਇਸ ਦੀ ਕਲਾਸਕੀ ਉਦਾਹਰਣ ਹੈ। ਵਿਚਾਰਧਾਰਾ ਅਨੁਸਾਰ ਸੁਜਾਨ ਸਿੰਘ ਪਾਤਰਾਂ ਦੇ ਕਾਰਜਾਂ ਪਿੱਛੇ ਲੁਕੇ ਕਾਰਣਾਂ ਨੂੰ ਲੱਭਦਾ ਹੈ। ਉਹ ਵਿਦਿਆ ਦੇ ਪਸਾਰ ਨੂੰ ਅੰਧ ਵਿਸ਼ਵਾਸ਼ ਦੂਰ ਕਰਨ ਦਾ ਵਡਾ ਸਾਧਨ ਮੰਨਦਾ ਹੈ। ਸੁਜਾਨ ਸਿੰਘ ਸੰਪ੍ਰਦਾਇਕ ਬਖੇੜਿਆ ਤੋਂ ਉਪਰ ਉੱਠਕੇ ਮਾਨਵਵਾਦ ਨੂੰ ਪਹਿਲ ਦਿੰਦਾ ਹੈ। (ਮੁਗਲ ਖਾਲਸਾ, ਰੋਲ ਨੰਬਰ ਇਕ)। ਮੋਟੇ ਤੌਰ ਤੇ ਕਿਹਾ ਜਾਏ ਤਾਂ ਉਸਨੇ ਪੰਜਾਬੀ ਕਹਾਣੀ ਨੂੰ ਮਜ਼ਦੂਰ ਵਰਗ ਦੇ ਜੀਵਨ ਨਾਲ ਜੋੜਿਆ ਸੁਜਾਨ ਸਿੰਘ ਦਾ ਪੰਜਾਬੀ ਕਹਾਣੀ ਦੇ ਖੇਤਰ ਵਿਚ ਉਹੀ ਥਾਂ ਹੈ ਜੋ ਬਾਵਾ ਬਲਵੰਤ ਦਾ ਪੰਜਾਬੀ ਕਾਵਿ ਖੇਤਰ ਵਿਚ। ਡਾ. ਪ੍ਰਿਤਪਾਲ ਸਿੰਘ ਨੇ ਸੁਜਾਨ ਸਿੰਘ ਉਪਰ ਚਰਚਾ ਕਰਨ ਉਪਰੰਤ ਨਤੀਜਾ ਕੱਢਿਆ ਹੈ ਕਿ, “ਉਸ ਦੀ ਵਿਚਾਰਧਾਰਾ, ਪ੍ਰਤਿਬੱਧਤਾ ਲੋਕ ਹਿੱਤੀ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹ,ਹੱਲਾਸ਼ੇਰੀ, ਪ੍ਰੇਰਨਾ ਤੇ ਸਾਹਸ ਦਿੰਦੀ ਹੈ। ਆਪਣੀ ਪ੍ਰਗਤੀਵਾਦੀ ਤੇ ਸਮਾਜਵਾਦੀ ਵਿਚਾਰਧਾਰਾ ਕਾਰਨ ਉਹ ਸਮੇਂ ਦੀਆਂ ਗਲਤਕੀਮਤਾਂ ਨਾਲ਼ ਸਮਝੌਤਾ ਨਹੀਂ ਕਰਦਾ। ਜਿ਼ੰਦਗੀ ਦੀਆਂ ਸਿਰਜਣਾਤਮਕ ਸ਼ਕਤੀਆਂ ਉਪਰ ਉਸਨੂੰ ਪੂਰਾ ਵਿਸ਼ਵਾਸ਼ ਹੈ, ਇਹ ਵਿਸ਼ਵਾਸ਼ ਉਸਦੀ ਵਿਚਾਰਧਾਰਾ ਨੂੰ ਵਧੇਰੇ ਸਮੱਰਥਾ ਪ੍ਰਦਾਨ ਕਰਦਾ ਹੈ।”21

ਸਮੁੱਚੇ ਤੌਰ ਤੇ ਕਹੀਏ ਤਾਂ ਸੁਜਾਨ ਸਿੰਘ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਨ੍ਹਾਂ ਸੱਚੇ ਵਾਰਿਸਾਂ ਵਿਚੋਂ ਹੈ ਜੋ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਨਾਲੋਂ ਆਪਣੀ ਵਿਚਾਰਧਾਰਾ ਦੀ ਜੀਅ-ਜਾਨ ਨਾਲ ਪਹਿਰੇਦਾਰੀ ਕਰਦੇ ਹਨ। ਉਪਰ ਅਸੀਂ ਦੇਖਿਆ ਹੈ ਕਿ ਭਗਤ ਸਿੰਘ ਦਾ ਸੰਪ੍ਰਦਾਈਕਰਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰੰਤੂ ਸਾਡੇ ਅਨੁਸਾਰ ਅਜਿਹਾ ਸੰਭਵ ਨਹੀਂ ਹੈ ਕਿਉਂਕਿ ਭਗਤ ਸਿੰਘ ਦੀ ਵਿਚਾਰਧਾਰਾ ਸਮਾਜਵਾਦੀ ਹੈ ਜਿਸਨੂੰ ਕੋਈ ਵੀ ਸੰਪ੍ਰਦਾਇਕਤਾਵਾਦੀ ਮੰਨਣ ਨੂੰ ਤਿਆਰ ਨਹੀਂ। ਭਗਤ ਸਿੰਘ ਦੇ ਪੰਜਾਬੀ ਭਾਸ਼ਾ ਤੇ ਲਿਪੀ ਬਾਰੇ ਲਿਖੇ ਲੇਖ ਵਿਚ ਭਾਵੇਂ ਵਿਦਿਆਰਥੀ ਜੀਵਨ ਦੀਆਂ ਸੀਮਾਵਾਂ ਹਨ ਪਰੰਤੂ ਉਸਦਾ ਨਜ਼ਰੀਆ ਸੰਪ੍ਰਦਾਈਆਂ ਤੋਂ ਉਲਟ ਰਾਸ਼ਟਰੀ ਹੈ। ਅਛੂਤ ਸਮੱਸਿਆ ਪ੍ਰਤਿ ਭਗਤ ਸਿੰਘ ਸੰਪ੍ਰਦਾਇਕ ਤੱਤਾਂ ਤੋਂ ਵੱਖ ਹੋ ਕੇ ਮਾਨਵੀ ਪੱਧਰ ਉਪਰ ਸੋਚਦਾ ਹੈ। ਉਹ ਸੰਪ੍ਰਦਾਇਕ ਸੋਚ ਨੂੰ ਭਾਵੇਂ ਸੀਮਤ ਰੂਪ ਵਿਚ ਹਾਂ ਪੱਖੀ ਵੀ ਮੰਨਦਾ ਹੈ ਜੋ ਭਾਸ਼ਾ ਦੀ ਰੱਖਿਆ ਕਰਦੇ ਹਨ ਅਤੇ ਅਛੂਤਾਂ ਲਈ ਕੁਝ ਨਾ ਕੁਝ ਕਰਨ ਦੀ ਪ੍ਰੇਰਨਾ ਦਿੰਦੇ ਹਨ ਪਰੰਤੂ ਸਮੁੱਚੇ ਤੌਰ ਤੇ ਉਹ ਸੰਪ੍ਰਦਾਇਕਤਾ ਨੂੰ ਆਮ ਲੋਕਾਈ ਦੀ ਸ਼੍ਰੇਣੀ ਚੇਤਨਾ ਦੇ ਰਾਹ ਵਿਚ ਰੋੜਾ ਮੰਨਦਾ ਹੈ। ਧਰਮ ਨੂੰ ਰਾਜਨੀਤੀ ਤੋਂ ਉਹ ਵੱਖ ਰੱਖਣਾ ਚਾਹੁੰਦਾ ਹੈ। ਵਿਦਿਆਰਥੀਆਂ ਨੂੰ ਸਹੀ ਰਾਜਨੀਤੀ ਨਾਲ਼ ਜੋੜਨ ਦੇ ਉਹ ਹੱਕ ਵਿਚ ਹੈ। ਭਗਤ ਸਿੰਘ ਆਪਣੀ ਤੇ ਆਪਣੇ ਸਾਥੀਆਂ ਦੀ ਹੋਣੀ ਬਾਰੇ ਅਤੇ ਆਪਣੇ ਵਿਚਾਰਾਂ ਦੀ ਚਿਰੰਜੀਵਤਾ ਬਾਰੇ ਵੀ ਕਿਸੇ ਭੁਲੇਖੇ ਵਿਚ ਨਹੀਂ ਹੈ। ਇਨ੍ਹਾਂ ਵਿਚਾਰਾਂ ਨੂੰ ਆਤਮਸਾਤ ਕਰਕੇ ਹੀ ਅਸੀਂ ਭਗਤ ਸਿੰਘ ਦੇ ਵਾਰਿਸ ਹੋਣ ਦਾ ਮਾਣ ਹਾਸਿਲ ਕਰ ਸਕਦੇ ਹਾਂ। ਸੁਜਾਨ ਸਿੰਘ ਨੇ ਇਹੀ ਕੁਝ ਕੀਤਾ ਸੀ ਇਸੇ ਲਈ ਉਹ ਆਪਣੀ ਹਰ ਕਹਾਣੀ ਵਿਚ ਪ੍ਰਤਿਬੱਧ ਵਿਖਾਈ ਦਿੰਦਾ ਹੈ। ਉਸਦੀ ਹਰ ਕਹਾਣੀ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਕਿਸੇ ਨਾ ਕਿਸੇ ਰੂਪ ਵਿਚ ਦੇਖੀ ਜਾ ਸਕਦੀ ਹੈ।