Sunday, April 18, 2010

ਆਤਮਹੱਤਿਆ ਬਨਾਮ ਮੰਜਿਲ

ਨਦੀ ਨੂੰ
ਉਸ ਕੰਨ 'ਚ ਕਿਹਾ,
ਨਿੱਤ ਪੱਥਰਾਂ ਦੇ ਨਾਲ
ਖਹਿੰਦੈ ਚਹਿਰਾ ਤੇਰਾ ।
ਇਸ ਤੋਂ ਚੰਗਾ ਏ
ਤੂੰ ਝੀਲ ਹੋ ਜਾ,
ਕਿਉਂ ਭਟਕਦੀ ਪਈ ਏਂ
ਇੱਕ ਥਾਂ ਖਲੋ ਜਾ ।
ਤਦੇ ਹੀ ਨਦੀ
ਸਿਰਮੂਧ ਦੌੜੀ,
ਪਤਾ ਨਹੀਂ ਉਸਨੂੰ
ਆਹ ਕੀ ਔੜੀ ?
ਜੰਗਲ ਪਹਾੜ ਲੰਘਦੀ
ਰੇਗਿਸਤਾਨ ਤੋਂ
ਰਸਤਾ ਨਾ ਮੰਗਦੀ ।
ਸਮੁੰਦਰ 'ਚ ਜਾ
ਖੋ ਗਈ,
ਉਸ ਦੇਖਿਆ
ਨਦੀ ਤਾਂ
ਸਾਗਰ ਹੋ ਗਈ ।
ਉਹ ਅੱਜ ਵੀ
ਛੱਪੜ ਹੋਈ
ਇਕ ਝੀਲ ਕਿਨਾਰੇ ਬੈਠਾ
ਨਦੀ ਦੀ ਅਕਲ
ਤੇ ਆਪਣੀ ਮੂਰਖਤਾ
ਦਾ ਫਰਕ ਮਿਣਦਾ ਹੈ,
ਠਹਿਰਾਵ ਵਿੱਚ
ਗਾਲ ਦਿੱਤੇ ਵਰੇ ਗਿਣਦਾ ਹੈ ।
ਇਕਬਾਲ ਗਿੱਲ (17-04-2007)

ਇਨਕਲਾਬ

ਤਾਂਬਾ ਭਾਅ ਮਾਰਦੇ
ਕਣਕ ਦੀ ਵਾਢੀ ਕਰਦੇ,
ਆਪਣੇ ਹੀ
ਪਸੀਨੇ ਨਾਲ
ਗਰਮੀਂ 'ਚ ਠਰਦੇ ।
ਸੀਰੀ ਨੂੰ ਪੁਛੋ
ਸ਼ਬਦਕੋਸ਼ ਬਾਰੇ ।
ਜਾਂ
ਲੰਬੜਾਂ ਦੇ ਘਰੇ
ਗੋਹਾ ਕੂੜਾ ਕਰਦੀ,
ਭਾਨੀ ਨੂੰ
ਜੋ ਮਜ਼ਬੂਰੀਆਂ 'ਚ
ਆਪਣਾ
ਸਭ ਕੁਛ ਹਰਦੀ ।
ਲੈਅ-ਕਾਰੀ
ਕੀ ਹੁੰਦੀ ਹੈ ?
ਨਹੀਂ ਤਾਂ ਫਿਰ
ਰੋੜੀ ਕੁਟਦੇ
ਗੈਂਤੀਆਂ ਨਾਲ
ਸ਼ੜਕਾਂ ਪੁੱਟਦੇ
ਪਰਿਵਾਰਾਂ ਨੂੰ ਪੁੱਛੋ ??
ਰਿਦਮ ਦੇ ਮਾਇਨੇ ।
ਕਿਤਾਬ ਘਰਾਂ
'ਚ ਬੈਠ
ਲੋਕਾਂ ਦੀ ਗੱਲ
ਕਰਨੀ ਬੜੀ ਸੁਖੱਲੀ ਏ,
ਓਹੀ ਮਾਂ
ਜਣੇਪੇ ਦੇ ਦਰਦ ਜਾਣੇਗੀ
ਜਿਸ
ਇਹ ਪੀੜਾ ਝੱਲੀ ਏ ।
ਕਲਮਾਂ ਵਾਲਿਓ
ਅਕਲਾਂ ਵਾਲਿਓ
ਮੌਸਮ ਵਾਢੀਆਂ ਦਾ ਹੈ
ਚਲੋ ਖੇਤਾਂ ਨੂੰ ਚਲਦੇ ਹਾਂ ।
ਲਫਜ਼ੀ ਕਰਾਂਤੀ ਨੂੰ
ਪਾਸੇ ਧਰ
ਸੱਚਾ ਪਿੜ ਮੱਲਦੇ ਹਾਂ ।
ਇੰਝ ਸ਼ਾਇਦ
ਕਿਤਾਬ ਤੇ
ਲੋਕਾਈ ਦਾ
ਰਿਸ਼ਤਾ ਮਜ਼ਬੂਤ ਹੋਵੇਗਾ,
ਫਿਰ
ਖੇਤਾਂ ਦਾ ਰਾਖਾ
ਸਾਡੇ
ਬੋਲਾਂ ਨਾਲ ਖਲੋਵੇਗਾ ।
ਕਿਰਤ ਤੇ
ਅਕਲ ਦਾ ਮੇਲ
ਲੋਟੂਆਂ ਦੇ
ਨਾਸੀਂ ਧੂਆਂ
ਲਿਆ ਸਕਦੈ,
ਜਿਹੜਾ
ਅਸੀਂ ਕਿਆਸਿਐ
ਉਹ
ਇਨਕਲਾਬ ਆ ਸਕਦੈ ।
ਮੈਂ ਤਾਂ
ਲਫਜ਼ੀ ਸ਼ਕਰਖੋਰ
ਨਹੀਂ ਬਣ ਸਕਦਾ ।
ਬੇਲੀ ਹਾਕਾਂ ਮਾਰਦੇ ਨੇ
ਹੁਣ ਹੋਰ
ਨਹੀਂ ਖੜ ਸਕਦਾ ।
ਨਾਲ ਆਉਣੈਂ ???
ਤੁਸੀਂ ਵੀ ਆ ਸਕਦੇ ਹੋ
ਨਹੀਂ ਤਾਂ ਇਥੇ ਬੈਠੋ
ਮੇਰੀ ਕਵਿਤਾ 'ਤੇ
ਗਲਤੀਆਂ
ਲਾ ਸਕਦੇ ਹੋ ।
(8th April 2010)

ਅਲੋਚਨਾ

ਰੇਤੇ ਨੂੰ
ਕੋਹਲੂ ਵਿੱਚ ਪਾਉਣ ਨੂੰ,
ਉਸ ਚੋਂ ਤੇਲ ਕੱਢ
ਸਿਰ ਉੱਤੇ ਲਾਉਣ ਨੂੰ,
ਬਹੁਤ ਵੇਰਾਂ ਦਿਲ ਕਰਦੈ ।
ਰੇਤਾ
ਸੜਕਾਂ ਤੇ
ਆਵਾਗੌਣ ਘੁੰਮਦਾ
ਮੈਨੂੰ ਬੜਾ ਬੁਰਾ ਲਗਦੈ ।
(16-04-2010)

Saturday, April 10, 2010

ਮਾਏ ਨੀ ਮੈਂ ਹੀਰ ਕਸੋਹਣੀ (ਗੀਤ)

ਮਾਏ ਨੀ ਮੈਂ ਹੀਰ ਕਸੋਹਣੀ, ਵਰ ਢੂੰਡਣ ਚੱਲੀ ਸਾਂ ਰਾਂਝਾ |
ਤਨ ਦੀ ਚਾਦਰ ਅੱਧੋ-ਰਾਣੀ, ਮਨ ਮੇਰਾ ਖੁਸ਼ੀਆਂ ਤੋਂ ਵਾਂਝਾ |

ਹਰ ਬਾਬਲ ਧੀ ਵੇਚ ਰਿਹਾ ਹੈ, ਉਸ ਮਾਹੀ ਨੂੰ ਜੋ ਸੌਦਾਗਰ,
ਬਦ-ਚਲਣੀ ਹੈ ਧੀ ਦੇ ਮੂੰਹੋਂ, ਇਹ ਗੱਲ ਜੇ ਹੋ ਗਈ ਮੁਖਾਗਰ.
ਚੰਮ ਨਾਲ ਚੰਮ ਦਾ ਰਿਸ਼ਤਾ ਕੀ ਹੈ, ਇਸ ਦਾ ਕਿਥੋਂ ਸੁਣਾਂ ਜਾ............
ਮਾਏ ਨੀ ਮੈਂ ਹੀਰ ਕਸੋਹਣੀ.........

ਨਾ ਸੱਸੀ ਜਿਹਾ ਸਿਦਕ ਹੈ, ਕੋਲੇ ਨਾ ਕੋਲੇ ਨੇ ਮਿਲਖ ਜਾਗੀਰਾਂ
ਮੇਰੇ ਪੈਰੀ ਤਾਂ ਪਈਆਂ ਨੇ ਰੀਤਾਂ-ਰਸਮਾਂ ਦੀਆਂ ਜ਼ੰਜ਼ੀਰਾ,
ਤਨਹਾ ਬੈਠੀ ਸੋਚ ਰਹੀ ਹਾਂ ਕਿਸ ਨਾਲ ਕਰਾਂ ਦਰਦ ਮੈਂ ਸਾਂਝਾ.........
ਮਾਏ ਨੀ ਮੈਂ ਹੀਰ ਕਸੋਹਣੀ.........

ਖਿਆਲਾਂ ਵਿੱਚ ਮੇਰੇ ਵੀਰੇ ਮੈਨੂੰ, ਚਾਈਂ-ਚਾਈਂ ਡੋਲੀ ਚਾੜ ਰਹੇ ਨੇ,
ਲੱਗੇ ਜਿਉਂ ਉਹ ਚਕਲੇ ਦੇ ਵਿੱਚ, ਮੇਰੀ ਨੱਥ ਉਤਾਰ ਰਹੇ ਨੇ,
ਐਸੇ ਵਿਦਰੋਹੀ ਲਫ਼ਜ਼ਾਂ ਨੂੰ, ਕਿਹੜੇ ਖਾਤੇ ਦੱਸ ਉਕਰਾਂ ਜਾ................
ਮਾਏ ਨੀ ਮੈਂ ਹੀਰ ਕਸੋਹਣੀ.........

ਕੋਈ ਕਹੇ ਮੈਨੂੰ ਪੈਰ ਦੀ ਜੁੱਤੀ, ਕੋਈ ਕਹੇ ਰਾਵਣ ਸੰਗ ਸੁੱਤੀ,
ਇਨਸਾਨਾਂ ਦੀ ਇਸ ਨਗਰੀ ਵਿੱਚ, ਮੈਥੋਂ ਤਾਂ ਚੰਗੀ ਹੈ ਕੁੱਤੀ,
'ਗਿੱਲਾ' ਸਭ ਤੋਂ ਬਚਣ ਲਈ ਮੈਂ, ਕਿਹੜੀ ਨੁੱਕਰੇ ਲੁਕ ਬੈਠਾਂ ਜਾ.........
ਮਾਏ ਨੀ ਮੈਂ ਹੀਰ ਕਸੋਹਣੀ.........

ਮਾਏ ਨੀ ਮੈਂ ਹੀਰ ਕਸੋਹਣੀ, ਵਰ ਢੂੰਡਣ ਚੱਲੀ ਸਾਂ ਰਾਂਝਾ |
ਤਨ ਦੀ ਚਾਦਰ ਅੱਧੋ-ਰਾਣੀ, ਮਨ ਮੇਰਾ ਖੁਸ਼ੀਆਂ ਤੋਂ ਵਾਂਝਾ |

Sunday, April 4, 2010

ਸੁਪਨਾ ਤੇ ਹਕੀਕਤ

ਰਾਤੀਂ ਮੇਰੇ ਜ਼ਿਹਨ 'ਚ
ਖਿਆਲਾਂ ਦੀ ਬਰਾਤ ਆਈ ਸੀ ।
ਹਰ ਬਰਾਤੀ ਲਫਜ਼ ਨੇ
ਤੁਰਲੇ ਵਾਲੀ ਪੱਗ ਸਜਾਈ ਸੀ ।
ਲਗਦਾ ਸੀ ਕਵਿਤਾ ਦੀ
ਸ਼ਾਦੀ ਦਾ ਆਯੋਜਨ ਸੀ,
ਬਰਾਤੀਆਂ ਦੇ ਮੂੰਹਾਂ ਵਿੱਚ
ਬਿੰਬਾਂ ਦਾ ਭੋਜਨ ਸੀ ।
ਰਾਤ ਬੀਤ ਗਈ,
ਗੁਰਦੁਆਰੇ ਹੁੰਦੀ
ਲੌਸਮਿੰਟ ਸੁਣਾਈ ਪਈ ।
ਮੈਂ ਤਰਭਕ ਕੇ
ਅੱਖ ਖੋਲੀ,
ਘਰ ਵਾਲੀ ਬੋਲੀ,
ਅੱਜ ਫੇਰ ਪੰਜਾਬ ਬੰਦ ਹੈ
ਘਰ ਆਟੇ ਦਾ ਭੋਰਾ ਨਹੀਂ,
ਗਰੀਬ ਕਿਵੇਂ ਦਿਹਾੜੀ ਲੰਘਾਊ
ਕਿਸੇ ਨੂੰ ਵੀ ਝੋਰਾ ਨਹੀਂ ।
ਮੈਂ ਘਰ ਵਾਲੀ ਵੱਲ
ਬਿੱਟ ਬਿੱਟ ਤੱਕੀ ਗਿਆ,
ਊਂਧ-ਮਧੂਣਾ ਜਿਹਾ
ਸੁਪਨੇ ਤੇ ਹੱਸੀ ਗਿਆ ।
ਹੁਣ ਜਦ ਵਜ਼ੂਦ 'ਤੇ
ਹੋਸ਼ ਛਾ ਰਿਹੈ,
ਹਕੀਕਤ ਬਾਰੇ ਸੋਚ
ਕਲੇਜਾ ਮੂੰਹ ਨੂੰ ਆ ਰਿਹੈ ।
Iqbal gill

Thursday, April 1, 2010

ਕਵਿਤਾ

ਅਛੋਪਲੇ ਜਿਹੇ
ਜਦ ਉਹ
ਮੇਰੇ ਕੋਲ ਆ ਬਹਿੰਦੀ ਏ,
ਅਚਨਚੇਤ
ਨਜ਼ਰ ਮੇਰੀ
ਕਲਮ ਤੇ ਜਾ ਪੈਂਦੀ ਏ ।
ਬਦੋਬਦੀ
ਹੱਥ ਵਰਕ ਆ ਜਾਂਦਾ,
ਸਾਰੇ ਹੀ ਵਜ਼ੂਦ ਤੇ
ਉਨਮਾਦ ਜਿਹਾ ਛਾ ਜਾਂਦਾ ।
ਖੁਦ-ਬ-ਖੁਦ
ਵਿਛ ਜਾਂਦੀਆਂ
ਸਫੇ ਤੇ ਪਟੜੀਆਂ,
ਉੱਤੇ ਖਿਆਲ ਘੁੰਮਦੇ
ਪਾ ਪਾ ਗਲਵੱਕੜੀਆਂ ।
ਜਿੱਥੇ ਜਿੱਥੇ ਪੱਬ ਧਰਦੇ ਨੇ
ਇਬਾਰਤ ਉੱਕਰੀ ਜਾਂਦੀ ਹੈ,
ਉਹ ਮੇਰੇ ਗੋਡੇ-ਮੁੱਢ ਬੈਠੀ
ਗੁੱਝਾ ਮੁਸਕਰਾਂਦੀ ਹੈ ।
ਮੈਂ ਤੇ ਬਸ
ਉਸ ਇਬਾਰਤ ਨੂੰ
ਗੂੜੀ ਕਰ ਦਿੰਦਾ ਹਾਂ,
ਫਿਰ ਸਭੇ ਕੁਛ
ਉਸ ਦੇ ਹੱਥ ਧਰ ਦਿੰਦਾ ਹਾਂ ।
ਫਿਰ ਉਹ
ਇਬਾਰਤ 'ਚ
ਰੰਗ ਭਰ ਦਿੰਦੀ,
ਬੇਜਾਨ ਹਰਫਾਂ ਨੂੰ
ਜਿੰਦਾ ਕਰ ਦਿੰਦੀ ।
ਮੈੰ ਉਸ ਵੱਲ
ਬਿੱਟ-ਬਿੱਟ ਤਕਦਾ ਰਹਿਨਾਂ,
ਕਵਿਤਾ ਖੁਦ ਨੂੰ
ਆਪੇ ਲਿਖਦੀ ਹੈ
ਬਸ ਏਨਾ ਕਹਿਨਾਂ ।

ਭਾਵਨਾਵਾਂ ਵੇਚਣ ਵਾਲੇ

ਭਗਤ ਸਿੰਘ ਦੀ
ਫੋਟੋ ਵਾਲੀਆਂ
ਟੀ-ਸ਼ਰਟਾਂ ਪਾਉਣ ਨਾਲ
ਆਪਣੇ ਵਾਹਨਾਂ 'ਤੇ
ਇਨਕਲਾਬ ਦੇ
ਸਟਿੱਕਰ ਲਾਉਣ ਨਾਲ
ਇਨਕਲਾਬ ਦਾ ਕੋਈ ਨਹੀਂ ਤਅੱਲਕ ।
ਅਸੀਂ ਸੋਚ ਨਹੀਂ ਰਹੇ
ਕਿ ਅਸੀਂ ਕੀ ਕਰ ਰਹੇ ਹਾਂ,
ਕੁੱਛ ਚਾਲਬਾਜ ਲੋਕਾਂ ਦੇ
ਫਕਤ
ਖੀਸੇ ਭਰ ਰਹੇ ਹਾਂ ।
ਅਖੌਤੀ ਆਜ਼ਾਦੀ ਦਿਵਸ ਤੇ
ਮੈਨੂੰ ਇੱਕ ਆਫਰ ਆਈ ਸੀ
ਕਿਸੇ ਨੇ 1974 ਲਿਖ ਕੇ
ਕਾਲੀ ਟੀ ਸ਼ਰਟ ਬਣਾਈ ਸੀ
ਰੋਸ ਜਾਹਿਰ ਕਰਨ ਲਈ
ਲਾਗਤ ਮੁੱਲ ਤੇ
ਵੇਚਣ ਦੀ ਦਿੱਤੀ ਦੁਹਾਈ ਸੀ ।
ਦਾਮ ਉਸਦਾ ਸਿਰਫ 350
ਰੱਖਿਆ ਗਿਆ ਸੀ ।
ਮੈਨੂੰ ਪਤਾ ਹੈ ਕਿ
ਉਹਨੂੰ ਇਹ ਜੁਗਾੜ
100 ਰੁਪਏ ਵਿੱਚ ਪਿਆ ਸੀ
ਪਤਾ ਕੀਤਾ ਪੈਸੇ ਕਿੱਧਰ ਗਏ ?
ਸੁਣਕੇ ਮੇਰੇ ਨੈਣ
ਹੰਝੂਆਂ ਨਾਲ ਭਰ ਗਏ ।
ਕਹਿੰਦਾ ਜੀ ਸਾਰੀ ਕਮਾਈ ਦਾ
ਗਰੀਬ ਬੱਚਿਆਂ ਨੂੰ
ਭੋਜਨ ਛਕਾ ਦਿੱਤਾ ।
ਅਸਲੀਅਤ ਇਹ
ਨਿੱਕਲੀ
ਉਹਨਾਂ 10 ਗਰੀਬਾਂ ਨੂੰ
ਮੈਕਡਾਨਲ ਦਾ ਇੱਕ-ਇੱਕ
ਬਰਗਰ ਖੁਆ ਦਿੱਤਾ ।